ਚੰਡੀਗੜ੍ਹ: ਕਹਿੰਦੇ ਹਨ ਕਿ ਇਨਸਾਨ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਦੂਜਿਆਂ ਦੇ ਕੰਮ ਆ ਸਕਦਾ ਹੈ, ਇਸ ਦੀ ਮਿਸਾਲ ਅੰਬਾਲਾ ਦੇ ਇੱਕ ਪਰਿਵਾਰ ਨੇ ਪੇਸ਼ ਕੀਤੀ ਹੈ। ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ 20 ਸਾਲਾ ਨੌਜਵਾਨ ਕਰਨ ਦੇ ਪਰਿਵਾਰ ਨੇ ਉਸ ਦੇ ਅੰਗਦਾਨ ਕਰਨ ਦਾ ਦਲੇਰਾਨਾ ਫੈਸਲਾ ਲਿਆ। ਇਸ ਨੇਕ ਕਾਰਜ ਸਦਕਾ ਪੀ.ਜੀ.ਆਈ. ਚੰਡੀਗੜ੍ਹ (PGIMER) ਵਿੱਚ ਮੌਤ ਦੀ ਲੜਾਈ ਲੜ ਰਹੇ ਦੋ ਗੰਭੀਰ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ ਹੈ।
ਸੜਕ ਹਾਦਸੇ ਨੇ ਖੋਹ ਲਈਆਂ ਜ਼ਿੰਦਗੀ ਦੀਆਂ ਖੁਸ਼ੀਆਂ
ਅੰਬਾਲਾ ਸ਼ਹਿਰ ਦੇ ਰਾਮਦਾਸ ਨਗਰ ਦਾ ਰਹਿਣ ਵਾਲਾ ਕਰਨ 28 ਅਪ੍ਰੈਲ 2026 ਨੂੰ ਸੜਕ ਪਾਰ ਕਰਦੇ ਸਮੇਂ ਇੱਕ ਕਾਰ ਦੀ ਲਪੇਟ ਵਿੱਚ ਆ ਗਿਆ ਸੀ। ਪਹਿਲਾਂ ਉਸ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਅਤੇ ਫਿਰ ਸੈਕਟਰ-32 ਚੰਡੀਗੜ੍ਹ ਲਿਜਾਇਆ ਗਿਆ, ਪਰ ਹਾਲਤ ਵਿਗੜਦੀ ਦੇਖ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਅਤੇ 7 ਮਈ 2026 ਨੂੰ ਡਾਕਟਰੀ ਕਮੇਟੀ ਵੱਲੋਂ ਉਸ ਨੂੰ ‘ਬ੍ਰੇਨ ਡੈੱਡ’ ਘੋਸ਼ਿਤ ਕਰ ਦਿੱਤਾ ਗਿਆ।
ਪਰਿਵਾਰ ਦਾ ਭਾਵੁਕ ਫੈਸਲਾ
ਕਰਨ ਦੇ ਪਿਤਾ ਮੋਹਨ ਲਾਲ ਅਤੇ ਵੱਡੇ ਭਰਾ ਸੁਨੀਲ ਕੁਮਾਰ ਨੇ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਦਿਖਾਉਂਦੇ ਹੋਏ ਅੰਗਦਾਨ ਦੀ ਸਹਿਮਤੀ ਦਿੱਤੀ। ਸੁਨੀਲ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ “ਕਰਨ ਦੀ ਪੂਰੀ ਜ਼ਿੰਦਗੀ ਪਈ ਸੀ, ਉਸ ਦੇ ਬਹੁਤ ਸੁਪਨੇ ਸਨ। ਉਸ ਨੂੰ ਖੋਣ ਦਾ ਦਰਦ ਅਸੀਂ ਬਿਆਨ ਨਹੀਂ ਕਰ ਸਕਦੇ, ਪਰ ਇਹ ਜਾਣ ਕੇ ਸਕੂਨ ਮਿਲਦਾ ਹੈ ਕਿ ਉਸ ਦਾ ਇੱਕ ਹਿੱਸਾ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਹਮੇਸ਼ਾ ਧੜਕਦਾ ਰਹੇਗਾ।”
ਦੋ ਮਰੀਜ਼ਾਂ ਨੂੰ ਮਿਲਿਆ ਨਵਾਂ ਜੀਵਨ
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪੀ.ਜੀ.ਆਈ. ਦੀਆਂ ਮਾਹਿਰ ਟੀਮਾਂ ਨੇ ਸਫਲਤਾਪੂਰਵਕ ਕਰਨ ਦਾ ਲੀਵਰ, ਪੈਨਕ੍ਰੀਆਜ਼ ਅਤੇ ਦੋਵੇਂ ਕਿਡਨੀਆਂ ਕੱਢੀਆਂ। ਲੀਵਰ ਇੱਕ 22 ਸਾਲਾ ਨੌਜਵਾਨ ਨੂੰ ਲਗਾਇਆ ਗਿਆ ਜੋ ਲੀਵਰ ਦੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਸੀ। ਪੈਨਕ੍ਰੀਆਜ਼ ਅਤੇ ਕਿਡਨੀ ਇੱਕ 35 ਸਾਲਾ ਮਹਿਲਾ ਵਿੱਚ ਟ੍ਰਾਂਸਪਲਾਂਟ ਕੀਤੇ ਗਏ, ਜਿਸ ਦੇ ਅੰਗ ਫੇਲ੍ਹ ਹੋਣ ਕਾਰਨ ਉਸ ਦੀ ਜ਼ਿੰਦਗੀ ਖਤਰੇ ਵਿੱਚ ਸੀ। ਪਰਿਵਾਰ ਨੇ ਫੇਫੜੇ ਦਾਨ ਕਰਨ ਦੀ ਵੀ ਇਜਾਜ਼ਤ ਦਿੱਤੀ ਸੀ, ਪਰ ਮੈਡੀਕਲ ਜਾਂਚ ਵਿੱਚ ਉਹ ਟ੍ਰਾਂਸਪਲਾਂਟ ਦੇ ਯੋਗ ਨਹੀਂ ਪਾਏ ਗਏ। ਪੀ.ਜੀ.ਆਈ. ਪ੍ਰਸ਼ਾਸਨ ਅਤੇ ਡਾਕਟਰਾਂ ਨੇ ਕਰਨ ਦੇ ਪਰਿਵਾਰ ਦੀ ਇਸ ਮਹਾਨ ਕਾਰਜ ਲਈ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਆਪਣੇ ਨਿੱਜੀ ਦੁੱਖ ਨੂੰ ਭੁਲਾ ਕੇ ਦੂਜਿਆਂ ਦੇ ਘਰਾਂ ਵਿੱਚ ਖੁਸ਼ੀਆਂ ਵੰਡੀਆਂ।



