ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਏ ਗਏ ਇੰਟੈਲੀਜੈਂਸ ਬੇਸ ਆਪਰੇਸ਼ਨ ਦੌਰਾਨ ਪੁਲਿਸ ਨੇ ਪਾਕਿਸਤਾਨੀ ਤਸਕਰਾਂ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ 5 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7.050 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਪਾਕਿਸਤਾਨੀ ਨੈੱਟਵਰਕ ਨਾਲ ਜੁੜੇ ਸਨ ਤਾਰ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਿਰੋਹ ਸਰਹੱਦ ਪਾਰ ਤੋਂ ਡਰੋਨ ਜਾਂ ਹੋਰ ਸਾਧਨਾਂ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਂਦਾ ਸੀ। ਇਹ ਤਸਕਰ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ੇ ਦੀ ਸਪਲਾਈ ਕਰਦੇ ਸਨ। ਲੰਬੇ ਸਮੇਂ ਤੋਂ ਚੱਲ ਰਹੀ ਪੁਲਿਸ ਦੀ ਨਿਗਰਾਨੀ ਤੋਂ ਬਾਅਦ, ਪੁਲਿਸ ਟੀਮਾਂ ਨੂੰ ਇਹ ਵੱਡੀ ਸਫਲਤਾ ਮਿਲੀ ਹੈ।
ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਦਲਦਲ ‘ਚ ਧੱਕ ਰਿਹਾ ਸੀ ਗਿਰੋਹ
ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜ਼ਿਆਦਾਤਰ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 19 ਤੋਂ 23 ਸਾਲ ਦੇ ਵਿਚਕਾਰ ਹੈ। ਇਹ ਨੌਜਵਾਨ ਆਸਾਨ ਪੈਸੇ ਅਤੇ ਵਿਲਾਸਤਾ ਭਰੇ ਜੀਵਨ ਦੇ ਲਾਲਚ ਵਿੱਚ ਆ ਕੇ ਇਸ ਘਿਨਾਉਣੇ ਧੰਦੇ ਵਿੱਚ ਸ਼ਾਮਲ ਹੋ ਗਏ ਸਨ। ਫੜੇ ਗਏ ਮੁਲਜ਼ਮਾਂ ਵਿੱਚੋਂ ਕਈਆਂ ‘ਤੇ ਪਹਿਲਾਂ ਵੀ ਐਨ.ਡੀ.ਪੀ.ਐਸ (NDPS) ਐਕਟ ਤਹਿਤ ਮਾਮਲੇ ਦਰਜ ਹਨ। ਪੁਲਿਸ ਨੇ ਛੇਹਰਟਾ ਅਤੇ ਕੈਂਟੋਨਮੈਂਟ ਥਾਣਿਆਂ ਵਿੱਚ ਦੋ ਵੱਖ-ਵੱਖ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਕਿੰਗਪਿਨ ਦੀ ਭਾਲ ਜਾਰੀ
ਹਾਲਾਂਕਿ ਪੁਲਿਸ ਨੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਇਸ ਪੂਰੇ ਨੈੱਟਵਰਕ ਦਾ ਮੁੱਖ ‘ਕਿੰਗਪਿਨ’ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਮੁੱਖ ਮੁਲਜ਼ਮ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਹੋਰ ਵੱਡੇ ਰਾਜ਼ ਸਾਹਮਣੇ ਆ ਸਕਦੇ ਹਨ। ਇਸ ਆਪਰੇਸ਼ਨ ਨੂੰ ਨਸ਼ਾ ਮਾਫੀਆ ਖਿਲਾਫ ਜੰਗ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ।



