ਚੰਡੀਗੜ੍ਹ- ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਉਸ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਫਿਲਹਾਲ ਕੁਮਾਰ ਨੂੰ ਇਹ ਅੰਤਰਿਮ ਰਾਹਤ ਦਿੱਤੀ ਗਈ ਹੈ। ਹੁਣ ਉਸ ਦੇ ਕੇਸ ਨੂੰ ਖਾਰਜ ਕਰਨ ਦੀ ਪਟੀਸ਼ਨ ‘ਤੇ ਸੁਣਵਾਈ ਜਾਰੀ ਰਹੇਗੀ। ਇਸ ਮਾਮਲੇ ਵਿੱਚ ਪੂਰਾ ਹੁਕਮ ਆਉਣਾ ਬਾਕੀ ਹੈ। ਕੁਮਾਰ ਖਿਲਾਫ ਰੋਪੜ ‘ਚ ਮਾਮਲਾ ਦਰਜ ਹੋਇਆ ਹੈ। ਕੁਮਾਰ ‘ਤੇ ਕੇਜਰੀਵਾਲ ਦੇ ਖਾਲਿਸਤਾਨ ਨਾਲ ਸਬੰਧਾਂ ਦੇ ਝੂਠੇ ਦੋਸ਼ ਲਗਾਉਣ ਦਾ ਦੋਸ਼ ਹੈ।
ਪੰਜਾਬ ਪੁਲਿਸ ਨੇ ਕੁਮਾਰ ਖ਼ਿਲਾਫ਼ ਰੋਪੜ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਕੁਮਾਰ ਨੂੰ ਸੰਮਨ ਭੇਜਣ ਲਈ ਉਸ ਦੇ ਗਾਜ਼ੀਆਬਾਦ ਘਰ ਪਹੁੰਚੀ। ਇਸ ਦੀਆਂ ਤਸਵੀਰਾਂ ਕੁਮਾਰ ਵਿਸ਼ਵਾਸ ਨੇ ਖੁਦ ਟਵੀਟ ਕੀਤੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਕਿਸ ਦੇ ਇਸ਼ਾਰੇ ‘ਤੇ ਇਹ ਸਭ ਕਰ ਰਹੇ ਹਨ, ਉਹ ਮਾਨ ਅਤੇ ਪੰਜਾਬ ਨਾਲ ਧੋਖਾ ਕਰਨਗੇ।
ਅਲਕਾ ਲਾਂਬਾ ਖਿਲਾਫ ਵੀ ਕੇਸ
ਇਸੇ ਮਾਮਲੇ ਵਿੱਚ ਕਾਂਗਰਸੀ ਆਗੂ ਅਲਕਾ ਲਾਂਬਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਇੰਟਰਵਿਊ ਅਤੇ ਸੋਸ਼ਲ ਮੀਡੀਆ ਰਾਹੀਂ ਕੇਜਰੀਵਾਲ ਦੇ ਸਬੰਧ ‘ਚ ਝੂਠੇ ਦੋਸ਼ ਲਗਾਉਣ ਦਾ ਦੋਸ਼ ਹੈ। ਅਲਕਾ ਲਾਂਬਾ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਰੋਪੜ ਆਈ ਸੀ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਕੇਸ ਦੀ ਫਾਈਲ ਹਾਈਕੋਰਟ ਕੋਲ ਗਈ ਹੈ।



