ਖੰਨਾ: ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ 8 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿਲੋ ਅਫ਼ੀਮ ਤੇ 44 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਤਸਕਰੀ ਲਈ ਵਰਤੇ ਜਾਣ ਵਾਲੇ ਦੋ ਟਰੈਕਟਰ, ਦੋ ਟਰਾਲੀਆਂ, ਇੱਕ ਤੂੜੀ ਵਾਲਾ ਰੀਪਰ ਅਤੇ ਇੱਕ ਸਕਾਰਪੀਓ ਗੱਡੀ ਵੀ ਜ਼ਬਤ ਕੀਤੀ ਗਈ ਹੈ।
ਨਾਕਾਬੰਦੀ ਦੌਰਾਨ ਇਸ ਤਰ੍ਹਾਂ ਹੋਇਆ ਖੁਲਾਸਾ
ਡੀ.ਐਸ.ਪੀ. (ਡੀ) ਮੋਹਿਤ ਸਿੰਗਲਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਖੰਨਾ ਦੀ ਟੀਮ ਵੱਲੋਂ ਅਮਲੋਹ ਰੋਡ ‘ਤੇ ਪੈਂਦੇ ਪਿੰਡ ਗਲਵੱਢੀ ਦੇ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਟਰੈਕਟਰ-ਟਰਾਲੀ ਆਉਂਦੀ ਦਿਖਾਈ ਦਿੱਤੀ, ਜਿਸ ਦੇ ਪਿੱਛੇ ਇੱਕ ਹੋਰ ਟਰੈਕਟਰ ਲੱਦਿਆ ਹੋਇਆ ਸੀ ਅਤੇ ਨਾਲ ਹੀ ਤੂੜੀ ਵਾਲਾ ਰੀਪਰ (ਕੀਪਰ) ਅਟੈਚ ਸੀ। ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚਾਲਕਾਂ ਨੇ ਵਾਹਨ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਸਤੈਦ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਘੇਰ ਕੇ ਰੋਕ ਲਿਆ।
ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ‘ਚ ਹੁੰਦੀ ਸੀ ਸਪਲਾਈ
ਪੁਲਿਸ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਵਾਹਨਾਂ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਸ਼ੁਰੂਆਤੀ ਤੌਰ ‘ਤੇ ਕਾਬੂ ਕੀਤੇ ਚਾਰ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਬਾਰੇ ਜਾਣਕਾਰੀ ਮਿਲੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੁੱਲ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗਿਰੋਹ ਮੱਧ ਪ੍ਰਦੇਸ਼ (MP) ਤੋਂ ਨਸ਼ਾ ਲਿਆ ਕੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ।
ਅਗਲੇਰੀ ਜਾਂਚ ਅਤੇ ਵੱਡੇ ਖੁਲਾਸਿਆਂ ਦੀ ਉਮੀਦ
ਪੁਲਿਸ ਨੇ ਸਾਰੇ 8 ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡੀ.ਐਸ.ਪੀ. ਮੋਹਿਤ ਸਿੰਗਲਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਜਾਂਚ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਹੋਰ ਵੱਡੇ ਤਸਕਰਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ ਅਤੇ ਨਸ਼ੇ ਦੀ ਸਪਲਾਈ ਲਾਈਨ ਬਾਰੇ ਹੋਰ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।



