ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ ਚਿੰਤਾ ਦਾ ਵਿਸ਼ੇ ਬਣੇ ਹੋਏ ਹਨ। ਉੱਥੇ ਹੀ ਕੋਰੋਨਾ ਸੰਕਟ ਦਾ ਅਸਰ ਹੁਣ ਕਾਂਵੜ ਯਾਤਰਾ ਉੱਤੇ ਵੀ ਪਿਆ ਹੈ। ਦਰਅਸਲ ਕੋਰੋਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ ਨੂੰ ਵੇਖਦਿਆਂ ਫਿਲਹਾਲ ਕਾਂਵੜ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਫ਼ੈਸਲਾ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਤਰਾਖੰਡ ਦੇ ਸੀਐਮ ਤਿਵਰੇਂਦਰ ਸਿੰਘ ਰਾਵਤ ਨੇ ਵੀਡੀਓ ਕਾਨਫਰੰਸਿੰਗ ਰਾਹੀ ਕਾਂਵੜ ਯਾਤਰਾ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਹੈ ਜਿਸ ਤੋਂ ਬਾਅਦ ਤਿੰਨ ਮੁੱਖ ਮੰਤਰੀਆਂ ਦੀ ਸੰਯੁਕਤ ਮੀਟਿੰਗ ਵਿਚ ਫਿਲਹਾਲ ਦੇ ਲਈ ਕਾਂਵੜ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਕਾਂਵੜ ਯਾਤਰਾ ਨਹੀਂ ਹੋਵੇਗੀ। ਦਰਅਸਲ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕਾਂਵੜੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਪੈਦਲ ਯਾਤਰਾ ਦੇ ਮੱਦੇਨਜ਼ਰ ਸਰਕਾਰ ਨੂੰ ਉਨ੍ਹਾਂ ਲਈ ਭਾਰੀ ਇੰਤਜ਼ਾਮ ਕਰਨੇ ਪੈਂਦੇ ਹਨ ਪਰ ਕੋਰੋਨਾ ਸੰਕਟ ਕਾਰਨ ਅਜਿਹਾ ਕਰਨਾ ਮੁਸ਼ਕਿਲ ਸੀ। ਬਹੁਤੇ ਕਾਂਵੜੀਏ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਆਉਂਦੇ ਹਨ।
ਦੱਸ ਦਈਏ ਕਿ ਜੁਲਾਈ ਮਹੀਨੇ ਵਿਚ ਕਾਂਵੜ ਯਾਤਰਾ ਸ਼ੁਰੂ ਕੀਤੀ ਜਾਣੀ ਸੀ। ਯਾਤਰਾ ਵਿਚ ਲੱਖਾਂ ਦੀ ਸੰਖਿਆ ਵਿਚ ਕਾਂਵੜੀਏ ਹਰਿਦੁਆਰ ਪਹੁੰਚਦੇ ਹਨ। ਹਰਿਦੁਆਰ ਤੋਂ ਗੰਗਾਜਲ ਕਾਂਵੜ ਵਿਚ ਭਰ ਕੇ ਉਹ ਆਪਣੇ ਇੱਥੇ ਸ਼ਿਵ ਮੰਦਰਾਂ ਵਿਚ ਲੈ ਕੈ ਆਉਂਦੇ ਹਨ। ਯਾਤਰਾ ਦੌਰਾਨ ਕਾਂਵੜੀਆਂ ਦੀ ਜ਼ਿਆਦਾ ਸੰਖਿਆ ਹੋਣ ਕਰਕੇ ਕੋਰੋਨਾ ਦੇ ਵੱਧਣ ਦਾ ਖਤਰਾ ਸੀ। ਇਸ ਲਈ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

