ਕੋਲਕਾਤਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰਤੀ ਜਨਤਾ ਪਾਰਟੀ ਦੀ ਸਾਂਸਦ ਅਤੇ ਮਸ਼ਹੂਰ ਅਦਾਕਾਰਾ ਕੰਗਣਾ ਰਣੌਤ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਪਹੁੰਚੀ। ਪੱਛਮੀ ਬੰਗਾਲ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਭਖਦੇ ਮਾਹੌਲ ਦੌਰਾਨ ਕੰਗਣਾ ਨੇ ਪ੍ਰਸਿੱਧ ਕਾਲੀਘਾਟ ਕਾਲੀ ਮੰਦਰ ਵਿੱਚ ਹਾਜ਼ਰੀ ਭਰੀ। ਉਨ੍ਹਾਂ ਨੇ ਮਹਾਮਾਇਆ ਮਾਂ ਕਾਲੀ ਦੇ ਚਰਨਾਂ ਵਿੱਚ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਦੇਸ਼ ਦੀ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਪਰੰਪਰਾਗਤ ਲੁੱਕ ਵਿੱਚ ਆਈ ਨਜ਼ਰ
ਕੋਲਕਾਤਾ ਫੇਰੀ ਦੌਰਾਨ ਕੰਗਣਾ ਰਣੌਤ ਪੂਰੀ ਤਰ੍ਹਾਂ ਪਰੰਪਰਾਗਤ ਪਹਿਰਾਵੇ ਵਿੱਚ ਨਜ਼ਰ ਆਈ। ਉਨ੍ਹਾਂ ਨੇ ਗੁਲਾਬੀ ਰੰਗ ਦੀ ਰੇਸ਼ਮੀ ਸਾੜ੍ਹੀ (Silt Saree) ਪਹਿਨੀ ਹੋਈ ਸੀ ਅਤੇ ਭਾਰੀ ਗਹਿਣਿਆਂ ਨਾਲ ਆਪਣੇ ਲੁੱਕ ਨੂੰ ਮੁਕੰਮਲ ਕੀਤਾ ਸੀ। ਕਾਲੀਘਾਟ ਮੰਦਰ ਤੋਂ ਇਲਾਵਾ ਉਨ੍ਹਾਂ ਨੇ ਕੋਲਕਾਤਾ ਦੇ ਇਤਿਹਾਸਕ ਨਕੁਲੇਸ਼ਵਰ ਭੈਰਵ ਮੰਦਰ ਵਿੱਚ ਵੀ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਉਨ੍ਹਾਂ ਦੇ ਇਸ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
View this post on Instagram
ਬੰਗਾਲ ਚੋਣਾਂ ਦੇ ਮੱਦੇਨਜ਼ਰ ਅਹਿਮ ਹੈ ਦੌਰਾ
ਕੰਗਣਾ ਦੀ ਇਹ ਫੇਰੀ ਸਿਆਸੀ ਹਲਕਿਆਂ ਵਿੱਚ ਕਾਫੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਪੱਛਮੀ ਬੰਗਾਲ ਵਿੱਚ ਇਸੇ ਮਹੀਨੇ ਵਿਧਾਨ ਸਭਾ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੰਗਾਲ ਵਿੱਚ ਪਹਿਲੇ ਪੜਾਅ ਦੀ ਵੋਟਿੰਗ 23 ਅਪ੍ਰੈਲ ਨੂੰ ਅਤੇ ਦੂਜੇ ਪੜਾਅ ਦੀ 29 ਅਪ੍ਰੈਲ ਨੂੰ ਹੋਵੇਗੀ, ਜਦਕਿ ਚੋਣ ਨਤੀਜੇ 4 ਮਈ ਨੂੰ ਐਲਾਨੇ ਜਾਣਗੇ। ਭਾਜਪਾ ਸਾਂਸਦ ਵਜੋਂ ਕੰਗਣਾ ਦੀ ਮੌਜੂਦਗੀ ਪਾਰਟੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰ ਸਕਦੀ ਹੈ।
ਸਿਆਸਤ ਦੇ ਨਾਲ-ਨਾਲ ਫਿਲਮੀ ਪਰਦੇ ‘ਤੇ ਵਾਪਸੀ ਦੀ ਤਿਆਰੀ
ਅਦਾਕਾਰੀ ਤੋਂ ਬਾਅਦ ਰਾਜਨੀਤੀ ਵਿੱਚ ਸਰਗਰਮ ਹੋਈ ਕੰਗਣਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਫਿਲਮੀ ਪਰਦੇ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਆਪਣੀ ਨਿਰਦੇਸ਼ਿਤ ਫਿਲਮ ‘ਇਮਰਜੈਂਸੀ’ ਵਿੱਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਮਨੋਜ ਤਾਪੜੀਆ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਦੇਸ਼ ਭਗਤੀ ‘ਤੇ ਆਧਾਰਿਤ ਫਿਲਮ ‘ਭਾਰਤ ਭਾਗਿਆ ਵਿਧਾਤਾ’ ਰਾਹੀਂ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ।



