ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਭਾਵੇਂ ਕਿਸੇ ਵੀ ਖੇਤਰ ਵਿੱਚ ਹੋਣ ਕਾਮਯਾਬੀਆਂ ਦੇ ਝੰਡੇ ਬੁਲੰਦ ਹੀ ਰੱਖਦੇ ਹਨ। ਪੰਜਾਬੀਆਂ ਨੇ ਦੇਸ਼ ਦੀ ਅਜਾਦੀ ਤੋਂ ਪਹਿਲਾਂ ਅਨੇਕਾਂ ਕੁਰਬਾਨੀਆਂ ਕੀਤੀ ਅਤੇ ਅੱਜ ਵੀ ਪੰਜਾਬੀ ਦੇਸ਼ ਦੀ ਰੱਖਿਆ ਲਈ ਹਰ ਪੱਖੋਂ ਆਪਣਾ ਯੋਗਦਾਨ ਪਾ ਰਹੇ ਹਨ। ਕੁਝ ਏਸੇ ਤਰ੍ਹਾਂ ਦੀ ਹੀ ਮਿਸਾਲ ਪੇਸ਼ ਕਰ ਰਹੀ ਹੈ ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲ ਦੀ ਜੰਮਪਲ ਕੈਪਟਨ ਤਾਨੀਆ ਸ਼ੇਰਗਿੱਲ। ਤਾਨੀਆ ਸ਼ੇਰਗਿੱਲ ਦਾ ਨਾਮ ਪਹਿਲੀ ਵਾਰ ਸੁਰਖੀਆਂ ਵਿੱਚ 15 ਜਨਵਰੀ ਨੂੰ ਆਇਆ, ਜਦੋਂ ਉਸਨੇ ਪਹਿਲੀ ਵਾਰ ਫੌਜੀ ਪਰੇਡ ਦੀ ਅਗਵਾਈ ਕੀਤੀ। ਇਸ ਦੌਰਾਨ ਤਾਨੀਆ ਪਰੇਡ ਐਡਜੁਟੈਂਟ ਦੇ ਤੌਰ ‘ਤੇ ਪਰੇਡ ਨੂੰ ਕਮਾਂਡ ਕਰ ਰਹੀ ਸੀ।
ਹੁਸ਼ਿਆਪੁਰ ਦੇ ਗੜ੍ਹਦੀਵਾਲਾ ਨਾਲ ਸੰਬੰਧ ਰੱਖਣ ਵਾਲੀ ਤਾਨੀਆ ਦੇ ਪਰਿਵਾਰਕ ਪਿਛੋਕੜ ਦੀ ਜੇਕਰ ਗੱਲ ਕਰੀਏ ਤਾਂ ਤਾਨੀਆ ਦੇ ਪਿਤਾ ਸੂਰਤ ਸਿੰਘ ਭਾਰਤੀ ਫੌਜ ਵਿੱਚ 101 ਮਧਿਅਮ ਰੈਜੀਮੈਂਟ ਵਿੱਚ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਤਾਨੀਆ ਦੇ ਦਾਦਾ ਜੀ ਵੀ 14ਵੀਂ ਸ਼ਸ਼ਤਰ ਰੈਜੀਮੈਂਟ ਵਿੱਚ ਬਤੌਰ ਸੈਨਿਕ ਅਤੇ ਪੜਦਾਦਾ ਸਿੱਖ ਰੈਜੀਮੈਂਟ ਵਿੱਚ ਪੈਦਲ ਸੈਨਿਕ ਵਜੋਂ ਸੇਵਾ ਨਿਭਾ ਚੁੱਕੇ ਹਨ। ਤਾਨੀਆ ਨੇ ਆਪਣੀ ਮੁੱਢਲੀ ਸਿੱਖਿਆ ਮੁੰਬਈ ਦੇ ਕੇਂਦਰੀ ਸਕੂਲ ਤੋਂ ਹਾਸਿਲ ਕੀਤੀ ਅਤੇ ਬਹੁਤਾ ਸਮਾਂ ਉਹ ਪੰਜਾਬ ਤੋਂ ਬਾਹਰ ਹੀ ਰਹੀ।
ਦੇਸ਼ ਪ੍ਰਤੀ ਸੇਵਾ ਭਾਵਨਾ ਅਤੇ ਤਿਆਗ ਨਾਲ ਭਰੀ ਤਾਨੀਆ ਨੇ 2017 ਵਿੱਚ ਕਾਰਪਸ ਆਫ਼ ਸਿਗਨਲ ਵਿੱਚ ਕਮਿਸ਼ਨ ਕੀਤਾ। ਉਚੇਰੀ ਸਿੱਖਿਆ ਵਿੱਚ ਇਲੈਕਟ੍ਰਾਨਿਕ ਅਤੇ ਦੂਰਸੰਚਾਰ ‘ਚ ਬੀਟੈਕ ਤਾਨੀਆ ਇਸ ਦੌਰਾਨ ਮੱਧ-ਪ੍ਰਦੇਸ਼ ਦੇ ਜਬਲਪੁਰ ਦੇ 1 ਸਿਗਨਲ ਪ੍ਰਯੋਗ ਕੇਂਦਰ ਵਿੱਚ ਸੇਵਾ ਨਿਭਾ ਰਹੀ ਹੈ।
ਦੇਸ਼ ਵਿੱਚ ਪਹਿਲੀ ਵਾਰ ਕਿਸੇ ਫੌਜੀ ਪਰੇਡ ਦੀ ਅਗਵਾਈ ਕਰਨ ਵਾਲੀ ਤਾਨੀਆ ਸ਼ੇਰਗਿੱਲ ਨੇ ਆਪਣੀ ਇਸ ਕਾਬਲੀਅਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ, ਕੋਈ ਵੀ ਖੇਤਰ ਹੋਵੇ ਔਰਤ ਮਰਦਾਂ ਨਾਲੋਂ ਘੱਟ ਨਹੀ, ਬਸ ਔਰਤ ਵਲੋਂ ਆਪਣੀ ਕਾਬਲੀਅਤ ਨੂੰ ਦਿਮਾਗ ਵਿੱਚ ਰੱਖ ਕੇ ਚੱਲਣ ਦੀ ਲੋੜ ਹੈ। ਤਾਨੀਆ ਮੁਤਾਬਿਕ ਜਦੋਂ ਉਹ ਵਰਦੀ ਪਾ ਲੈਂਦੀ ਹੈ ਤਾਂ ਫਿਰ ਇਹ ਮਤਲਬ ਨਹੀ ਰਹਿੰਦਾ ਕਿ, ਉਹ ਔਰਤ ਹੈ ਜਾਂ ਮਰਦ ਬਲਕਿ ਇਸ ਦੌਰਾਨ ਇਨਸਾਨ ਦੀ ਕਾਬਲੀਅਤ ਮਾਇਨੇ ਰੱਖਦੀ ਹੈ। ਤਾਨੀਆ ਅਨੁਸਾਰ ਜਿਹੜੀਆਂ ਵੀ ਕੁੜੀਆਂ ਜਾਂ ਔਰਤਾਂ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਆਪ ‘ਤੇ ਵਿਸ਼ਵਾਸ਼ ਰੱਖ ਕੇ ਤੁਰਨਾ ਹੋਵੇਗਾ। ਨਵੇਂ ਸੁਪਨੇ ਸਿਰਜਣ ਲਈ ਤੁਹਾਨੂੰ ਇਹ ਯਾਦ ਰੱਖਣ ਦੀ ਲੌੜ ਨਹੀਂ ਕਿ, ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ।
ਆਪਣੇ ਬੁਲੰਦ ਹੌਂਸਲੇ ਅਤੇ ਜੋਸ਼ੀਲੇ ਅੰਦਾਜ਼ ਲਈ ਜਾਣੀ ਜਾਂਦੀ ਕੈਪਟਨ ਤਾਨੀਆ ਸ਼ੇਰਗਿੱਲ ਇਸ ਵਾਰ 2020 ਦੇ ਗਣਤੰਤਰ ਦਿਵਸ ਮੌਕੇ ਫੌਜ ਦੀ ਟੁਕੜੀ ਦੀ ਅਗਵਾਈ ਕਰਦੀ ਨਜ਼ਰ ਆਵੇਗੀ। ਭਾਰਤੀ ਫੌਜ ਦੀ ਇਸ ਧੱਕੜ ਕੈਪਟਨ ਦੀ 15 ਜਨਵਰੀ ਨੂੰ ਫੌਜੀ ਪਰੇਡ ਦੀ ਅਗਵਾਈ ਦੌਰਾਨ ਵਾਇਰਲ ਹੋਈ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਵਿੱਖ ਵਿੱਚ ਤਾਨੀਆ ਨੂੰ ਵੇਖ ਹੋਰ ਕੁੜੀਆਂ ਵੀ ਦੇਸ਼ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਹੋ ਰਹੀਆਂ ਹਨ।



