ਮੋਗਾ: ਸੁਪਰੀਮ ਕੋਰਟ, ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਦਿੱਤੇ ਆਦੇਸ਼ਾਂ ਦੀ ਉਲੰਘਣਾ ਕਰਨ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਨੰਬਰਦਾਰ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਦੀ ਨੰਬਰਦਾਰੀ ਮੁਅੱਤਲ ਕਰ ਦਿੱਤੀ ਹੈ।
ਇਸ ਸਬੰਧੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਡਿਪਟੀ ਕਮਿਸ਼ਨਰ ਨੇ ਲਿਖਿਆ ਹੈ ਕਿ ਜਗਸੀਰ ਸਿੰਘ ਨੰਬਰਦਾਰ ਵੱਲੋਂ ਆਪਣੀ ਜ਼ਮੀਨ ਜਲੰਧਰ ਰੋਡ ਐਚ.ਪੀ.ਪੈਟਰੋਲ ਪੰਪ ਦੀ ਬੈਕਸਾਇਡ ਪਿੰਡ ਫਤਿਹਗੜ੍ਹ, ਕੋਰਟਾਣਾ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਹੈ। ਜਦੋਂ ਉਸ ਨੂੰ ਪਿੰਡ ਵਾਲਿਆਂ ਨੇ ਰੋਕਿਆ ਤਾਂ ਉਹ ਰੁਕਿਆ ਨਾ। ਉਨ੍ਹਾਂ ਨੇ ਕਿਹਾ ਕਿ ਉਸਨੇ ਆਪਣੇ ਹੋਰ ਸਾਥੀਆਂ ਨੂੰ ਵੀ ਅੱਗ ਲਗਾਉਣ ਬਾਰੇ ਕਿਹਾ। ਉਸਨੇ ਕਿਹਾ ਕਿ ਉਸਦੇ ਹੋਰ ਸਾਥੀ ਵੀ ਆਪਣੇ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਗੇ। ਜਿਸ ਉੱਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਗਸੀਰ ਸਿੰਘ ਨੰਬਰਦਾਰ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ।



