ਹਾਈਫਾ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦਰਮਿਆਨ ਈਰਾਨ ਨੇ ਇਜ਼ਰਾਈਲ ਦੇ ਅਹਿਮ ਸ਼ਹਿਰ ਹਾਈਫਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਿਆਨਕ ਮਿਜ਼ਾਈਲ ਹਮਲਾ ਕੀਤਾ ਹੈ। ਐਤਵਾਰ ਰਾਤ ਨੂੰ ਦਾਗੀਆਂ ਗਈਆਂ ਚਾਰ ਮਿਜ਼ਾਈਲਾਂ ਵਿੱਚੋਂ ਇੱਕ ਸਿੱਧੀ ਰਿਹਾਇਸ਼ੀ ਅਪਾਰਟਮੈਂਟ ਬਲਾਕ ‘ਤੇ ਜਾ ਡਿੱਗੀ, ਜਿਸ ਕਾਰਨ ਇਮਾਰਤ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਦੋ ਹੋਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਮਲਬੇ ਹੇਠ ਦਬੇ ਲੋਕਾਂ ਲਈ ਰਾਤ ਭਰ ਚੱਲਿਆ ਬਚਾਅ ਕਾਰਜ
ਹਮਲੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ ਸੀ। ਇਮਾਰਤ ਦਾ ਜੋ ਹਿੱਸਾ ਬਚਿਆ ਸੀ, ਉਹ ਵੀ ਬੇਹੱਦ ਅਸਥਿਰ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਦਿੱਕਤਾਂ ਆਈਆਂ। ਸੋਮਵਾਰ ਸਵੇਰ ਤੱਕ ਚੱਲੀ ਮੁਹਿੰਮ ਦੌਰਾਨ ਮਲਬੇ ਵਿੱਚੋਂ ਦੋ ਮ੍ਰਿਤਕ ਦੇਹਾਂ ਕੱਢੀਆਂ ਗਈਆਂ। ਇਜ਼ਰਾਈਲੀ ਫੌਜ ਮੁਤਾਬਕ ਈਰਾਨ ਵੱਲੋਂ ਹੋਰ ਮਿਜ਼ਾਈਲਾਂ ਦਾਗੇ ਜਾਣ ਦੇ ਖ਼ਤਰੇ ਦੇ ਮੱਦੇਨਜ਼ਰ ਪੂਰੇ ਮੱਧ ਇਜ਼ਰਾਈਲ ਵਿੱਚ ਹਵਾਈ ਹਮਲੇ ਦੇ ਸਾਈਰਨ (Siren) ਗੂੰਜ ਰਹੇ ਹਨ।
ਹਾਈਫਾ ਸ਼ਹਿਰ ਦੀ ਰਣਨੀਤਕ ਅਹਿਮੀਅਤ
ਦੱਸਣਯੋਗ ਹੈ ਕਿ ਹਾਈਫਾ ਉੱਤਰੀ ਇਜ਼ਰਾਈਲ ਦਾ ਤੀਜਾ ਸਭ ਤੋਂ ਵੱਡਾ ਅਤੇ ਰਣਨੀਤਕ ਪੱਖੋਂ ਮਹੱਤਵਪੂਰਨ ਸ਼ਹਿਰ ਹੈ। ਭੂਮੱਧ ਸਾਗਰ ਦੇ ਤੱਟ ‘ਤੇ ਸਥਿਤ ਹੋਣ ਕਾਰਨ ਇਹ ਅਕਸਰ ਈਰਾਨੀ ਮਿਜ਼ਾਈਲਾਂ ਅਤੇ ਲੇਬਨਾਨ ਵੱਲੋਂ ਹਿਜ਼ਬੁੱਲ੍ਹਾ ਦੇ ਰਾਕੇਟਾਂ ਦੇ ਨਿਸ਼ਾਨੇ ‘ਤੇ ਰਹਿੰਦਾ ਹੈ। ਤਾਜ਼ਾ ਹਮਲੇ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਹਦਾਇਤ ਦਿੱਤੀ ਗਈ ਹੈ।
ਇਜ਼ਰਾਈਲ ਦਾ ‘ਏਅਰ ਡਿਫੈਂਸ’ ਰਿਹਾ ਸਰਗਰਮ
ਸੋਮਵਾਰ ਸਵੇਰੇ ਈਰਾਨ ਵੱਲੋਂ ਤਿੰਨ ਹੋਰ ਮਿਜ਼ਾਈਲਾਂ ਆਉਂਦੀਆਂ ਦੇਖੀਆਂ ਗਈਆਂ, ਜਿਸ ਤੋਂ ਬਾਅਦ ਮੱਧ ਇਜ਼ਰਾਈਲ ਵਿੱਚ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ। ਇਜ਼ਰਾਈਲ ਦੇ ਅਤਿ-ਆਧੁਨਿਕ ਏਅਰ ਡਿਫੈਂਸ ਸਿਸਟਮ ਨੇ ਜ਼ਿਆਦਾਤਰ ਮਿਜ਼ਾਈਲਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ, ਜਦਕਿ ਕੁਝ ਮਿਜ਼ਾਈਲਾਂ ਖਾਲੀ ਮੈਦਾਨਾਂ ਵਿੱਚ ਜਾ ਡਿੱਗੀਆਂ। ਹਾਲਾਂਕਿ, ਹਾਈਫਾ ਵਿੱਚ ਹੋਏ ਨੁਕਸਾਨ ਨੇ ਇਜ਼ਰਾਈਲ ਦੀਆਂ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਹਨ। ਫਿਲਹਾਲ ਪੂਰੇ ਇਲਾਕੇ ਵਿੱਚ ਤਣਾਅ ਬਰਕਰਾਰ ਹੈ।
ਹੋਰ ਖ਼ਬਰਾਂ ਜਾਣੋ-
Jalandhar bomb threat : ਜਲੰਧਰ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਈਮੇਲ ਮਿਲਣ ਤੋਂ ਬਾਅਦ ਪੁਲਿਸ ਅਲਰਟ
ਲਿਵਿੰਗ ਇੰਡੀਆ ਨਿਊਜ਼ ਦੇ ਨਾਲ 24/7 ਲਾਈਵ



