ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ 131 ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਕਰਕੇ ਬੀਸੀਸੀਆਈ ਨੇ ਵੀ ਮਾਰਚ ਦੇ ਆਖਰ ਵਿਚ ਸ਼ੁਰੂ ਹੋਣ ਵਾਲੇ ਆਈਪੀਐਲ ਨੂੰ 15 ਅਪ੍ਰੈਲ ਤੱਕ ਟਾਲਣ ਦਾ ਫੈਸਲਾ ਕੀਤਾ ਹੈ ਪਰ ਹੁਣ ਖਬਰ ਇਹ ਆਈ ਹੈ ਕਿ ਆਈਪੀਐਲ ਦੀਆਂ ਸਾਰੀਆਂ ਟੀਮਾਂ ਭਾਰਤ ਸਰਕਾਰੀ ਦੇ ਉਸ ਐਡਵਾਇਜ਼ਰੀ ਨੂੰ ਮੰਨਣ ਲਈ ਤਿਆਰ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ 14 ਦਿਨ ਵੱਖ ਰੱਖਿਆ ਜਾਵੇਗਾ। ਭਾਵ ਹੁਣ ਸਾਰੀਆਂ ਟੀਮਾਂ ਨੇ ਆਪਣੇ ਵਿਦੇਸ਼ੀ ਖਿਡਾਰੀਆਂ ਨੂੰ 14 ਦਿਨ ਵੱਖ ਰੱਖਣ ਦੀ ਹਾਮੀ ਭਰ ਦਿੱਤੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਈਪੀਐਲ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਟੂਰਨਾਮੈਂਟ ਦੀਆਂ ਸਾਰੀਆਂ ਟੀਮਾਂ ਆਪਣੇ ਵਿਦੇਸ਼ੀ ਖਿਡਾਰੀਆਂ ਨੂੰ 14 ਦਿਨ ਲਈ ਵੱਖ ਰੱਖਣ ਵਾਸਤੇ ਰਾਜੀ ਹੋ ਗਈਆਂ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਭਾਰਤ ਸਰਕਾਰ ਵਿਦੇਸ਼ੀ ਖਿਡਾਰੀਆਂ ਨੂੰ ਭਾਰਤ ਆਉਣ ਦੀ ਆਗਿਆ ਦਿੰਦੀ ਹੈ ਤਾਂ ਉਹ ਉਨ੍ਹਾਂ ਖਿਡਾਰੀਆਂ ਨੂੰ 2 ਹਫ਼ਤੇ ਵੱਖਰਾ ਰੱਖਣ ਲਈ ਤਿਆਰ ਹਨ। ਅਜਿਹੇ ਵਿਚ ਮੰਨਿਆ ਇਹ ਜਾ ਰਿਹਾ ਹੈ ਕਿ ਜੇਕਰ ਮਾਰਚ ਦੇ ਆਖਰ ਵਿਚ ਜਾਂ ਅਪ੍ਰੈਲ ਦੀ ਸ਼ੁਰੂਆਤ ਵਿਚ ਵਿਦੇਸ਼ੀ ਖਿਡਾਰੀ ਭਾਰਤ ਆਉਂਦੇ ਹਨ ਤਾਂ ਉਹ 15 ਅਪ੍ਰੈਲ ਤੋਂ ਬਾਅਦ ਖੇਡੇ ਜਾਣ ਵਾਲੇ ਆਈਪੀਐਲ ਵਿਚ ਹਿੱਸਾ ਲੈ ਸਕਣਗੇ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰਿਮੀਅਰ ਲੀਗ ਆਉਣ ਵਾਲੀ 29 ਮਾਰਚ ਨੂੰ ਸ਼ੁਰੂ ਹੋਣ ਵਾਲੀ ਸੀ ਅਤੇ ਪਹਿਲਾ ਮੈਚ ਚੇਨੰਈ ਅਤੇ ਮੁੰਬਈ ਦੀਆਂ ਟੀਮਾਂ ਦਰਮਿਆਨ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਇਹ ਟੂਰਨਾਮੈਂਟ 15 ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ।

