ਚੰਡੀਗੜ੍ਹ : ਵਿਸ਼ਵ ਪੱਧਰ ‘ਤੇ ਚੱਲ ਰਹੀਆਂ ਸਿਆਸੀ ਅਤੇ ਜੰਗੀ ਗਤੀਵਿਧੀਆਂ ਦਰਮਿਆਨ ਅਮਰੀਕਾ ਵਿੱਚ ਇੱਕ ਬੇਹੱਦ ਅਹਿਮ ਗੱਲਬਾਤ ਹੋਣ ਜਾ ਰਹੀ ਹੈ। ਇਸਰਾਈਲ ਅਤੇ ਲੇਬਨਾਨ ਵਿਚਾਲੇ ਹੋਣ ਵਾਲੀ ਇਸ ਬੈਠਕ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸ਼ਾਮਲ ਹੋਣਗੇ। ਅਮਰੀਕਾ ਦਾ ਮੰਨਣਾ ਹੈ ਕਿ ਇਹ ਸੰਘਰਸ਼ ਲੇਬਨਾਨ ਵਿਰੁੱਧ ਨਹੀਂ ਬਲਕਿ ਹਿਜ਼ਬੁੱਲਾ ਵਿਰੁੱਧ ਹੈ। ਇਸ ਬੈਠਕ ਦਾ ਮੁੱਖ ਮਕਸਦ ਇਸਰਾਈਲ ਦੀ ਉੱਤਰੀ ਸਰਹੱਦ ਨੂੰ ਸੁਰੱਖਿਅਤ ਕਰਨਾ ਅਤੇ ਲੇਬਨਾਨ ਨੂੰ ਆਪਣੇ ਦੇਸ਼ ‘ਤੇ ਮੁੜ ਕੰਟਰੋਲ ਹਾਸਲ ਕਰਨ ਵਿੱਚ ਮਦਦ ਕਰਨਾ ਹੈ। ਦੂਜੇ ਪਾਸੇ, ਬੈਂਜਾਮਿਨ ਨੇਤਨਯਾਹੂ ਨੇ ਸਾਫ਼ ਕੀਤਾ ਹੈ ਕਿ ਉਹ ਸ਼ਾਂਤੀ ਸਮਝੌਤੇ ਲਈ ਤਿਆਰ ਹਨ, ਪਰ ਈਰਾਨ ਸਮਰਥਿਤ ਸੰਗਠਨਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ।
ਰੂਸ ਅਤੇ ਚੀਨ ਦਾ ਸ਼ਾਂਤੀ ‘ਤੇ ਜ਼ੋਰ
ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਨੂੰ ਲੈ ਕੇ ਰੂਸ ਅਤੇ ਚੀਨ ਨੇ ਵੱਡੇ ਬਿਆਨ ਦਿੱਤੇ ਹਨ। ਰੂਸੀ ਵਿਦੇਸ਼ ਮੰਤਰੀ ਸਰਜੀਓ ਲਾਵਰੋਵ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਖੇਤਰ ਵਿੱਚ ਦੁਬਾਰਾ ਜੰਗ ਵਰਗੀ ਸਥਿਤੀ ਨਹੀਂ ਬਣਨੀ ਚਾਹੀਦੀ। ਉੱਥੇ ਹੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਏਈ ਦੇ ਕਰਾਊਨ ਪ੍ਰਿੰਸ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਹਰ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦੁਨੀਆ ਨੂੰ ‘ਜੰਗਲ ਦੇ ਕਾਨੂੰਨ’ ਵੱਲ ਨਹੀਂ ਪਰਤਣਾ ਚਾਹੀਦਾ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਈਰਾਨ ਨੂੰ ਹੋਇਆ ਭਾਰੀ ਆਰਥਿਕ ਨੁਕਸਾਨ
ਈਰਾਨ ਸਰਕਾਰ ਦੀ ਬੁਲਾਰਾ ਫਾਤੇਮਾ ਮੋਹਾਜੇਰਾਨੀ ਨੇ ਇੱਕ ਹੈਰਾਨ ਕਰਨ ਵਾਲਾ ਅੰਕੜਾ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ-ਇਸਰਾਈਲੀ ਹਮਲਿਆਂ ਕਾਰਨ ਈਰਾਨ ਨੂੰ ਹੁਣ ਤੱਕ ਲਗਭਗ 270 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਸਰਕਾਰ ਵੱਲੋਂ ਨੁਕਸਾਨ ਦਾ ਮੁਲਾਂਕਣ ਕਈ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਇਮਾਰਤਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਦਕਿ ਦੂਜੇ ਪੜਾਅ ਵਿੱਚ ਬੰਦ ਹੋਏ ਉਦਯੋਗਾਂ ਅਤੇ ਬਜਟ ਮਾਲੀਏ ਦੇ ਨੁਕਸਾਨ ਦੀ ਗਣਨਾ ਕੀਤੀ ਜਾਵੇਗੀ।
ਲੇਬਨਾਨ ਦੇ ਹਸਪਤਾਲ ‘ਤੇ ਹਮਲਾ: ਮਚੀ ਤਬਾਹੀ
ਇਸਰਾਈਲ ਵੱਲੋਂ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਵਿੱਚ ਦੱਖਣੀ ਲੇਬਨਾਨ ਦੇ ‘ਤੇਬਨਿਨ ਸਰਕਾਰੀ ਹਸਪਤਾਲ’ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਵਾਇਰਲ ਵੀਡੀਓਜ਼ ਅਤੇ ਰਿਪੋਰਟਾਂ ਅਨੁਸਾਰ ਹਸਪਤਾਲ ਦੇ ਅੰਦਰ ਚਾਰੇ ਪਾਸੇ ਮਲਬਾ, ਕੱਚ ਦੇ ਟੁਕੜੇ ਅਤੇ ਮਿੱਟੀ ਫੈਲੀ ਹੋਈ ਹੈ। ਕਈ ਕੀਮਤੀ ਮੈਡੀਕਲ ਉਪਕਰਣ ਤਬਾਹ ਹੋ ਗਏ ਹਨ ਅਤੇ ਹਸਪਤਾਲ ਦੇ ਬਾਹਰ ਖੜ੍ਹੀਆਂ ਗੱਡੀਆਂ ਮਲਬੇ ਹੇਠ ਦੱਬੀਆਂ ਗਈਆਂ ਹਨ।
ਭਾਰਤ ਅਤੇ ਜਰਮਨੀ ਵਿਚਾਲੇ ਅਹਿਮ ਗੱਲਬਾਤ
ਕੂਟਨੀਤਕ ਪੱਧਰ ‘ਤੇ ਭਾਰਤ ਵੀ ਸਰਗਰਮ ਨਜ਼ਰ ਆ ਰਿਹਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਜਰਮਨੀ ਦੇ ਦੌਰੇ ‘ਤੇ ਪਹੁੰਚੇ ਹਨ, ਜਿੱਥੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵਿਚਕਾਰ ਉੱਚ ਪੱਧਰੀ ਬੈਠਕ ਹੋਵੇਗੀ। ਇਹ ਦੌਰਾ ਜਨਵਰੀ 2026 ਵਿੱਚ ਜਰਮਨ ਚਾਂਸਲਰ ਫਰੈਡਰਿਕ ਮਰਜ ਦੀ ਭਾਰਤ ਫੇਰੀ ਤੋਂ ਬਾਅਦ ਹੋ ਰਿਹਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।



