ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਖ਼ਿਲਾਫ਼ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਆਪਣੇ ਬ੍ਰਿਟੇਨ ਦੌਰੇ ‘ਤੇ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ। ਇਸ ਸ਼ਾਨਦਾਰ ਜਿੱਤ ਦੇ ਹੀਰੋ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਰਹੇ, ਜਿਨ੍ਹਾਂ ਨੇ ਸ਼ਾਨਦਾਰ 80 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ, ਗਿੱਲ ਆਪਣਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਏ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ (ਕ੍ਰੈਂਪਸ) ਕਾਰਨ ਉਨ੍ਹਾਂ ਨੂੰ ‘ਰਿਟਾਇਰਡ ਹਰਟ’ ਹੋਣਾ ਪਿਆ। ਭਾਰਤ ਨੇ ਇੰਗਲੈਂਡ ਵੱਲੋਂ ਦਿੱਤੇ ਗਏ 259 ਸਕੋਰ ਦੇ ਟੀਚੇ ਨੂੰ 45.2 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਸ਼ੁਭਮਨ ਗਿੱਲ ਨੇ ਬਣਾਇਆ ਅਨੋਖਾ ਵਰਲਡ ਰਿਕਾਰਡ
ਆਪਣੀ 80 ਦੌੜਾਂ ਦੀ ਤੂਫ਼ਾਨੀ ਪਾਰੀ ਦੌਰਾਨ ਸ਼ੁਭਮਨ ਗਿੱਲ ਨੇ ਵਨਡੇ ਕ੍ਰਿਕਟ ਇਤਿਹਾਸ ਵਿੱਚ ਇੱਕ ਵੱਡਾ ਵਿਸ਼ਵ ਰਿਕਾਰਡ ਆਪਣੇ ਨਾਮ ਦਰਜ ਕਰਵਾ ਲਿਆ ਹੈ। 50 ਤੋਂ ਵੱਧ ਵਨਡੇ ਪਾਰੀਆਂ ਖੇਡਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਗਿੱਲ ਦੁਨੀਆ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਦਾ ਬੱਲੇਬਾਜ਼ੀ ਔਸਤ (Average) 60 ਤੋਂ ਉੱਪਰ ਅਤੇ ਸਟ੍ਰਾਈਕ ਰੇਟ (Strike Rate) 100 ਤੋਂ ਵੱਧ ਦਾ ਹੈ। ਦੁਨੀਆ ਵਿੱਚ ਏਬੀ ਡਿਵਿਲੀਅਰਸ ਵਰਗੇ ਕਈ ਦਿੱਗਜ ਖਿਡਾਰੀ ਹੋਏ ਹਨ ਜਿਨ੍ਹਾਂ ਨੇ 100 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਹੈ, ਪਰ ਉਨ੍ਹਾਂ ਦਾ ਔਸਤ 60 ਦਾ ਨਹੀਂ ਰਿਹਾ। ਗਿੱਲ ਹੁਣ ਇਸ ਖ਼ਾਸ ਕਲੱਬ ਵਿੱਚ ਸ਼ਾਮਲ ਹੋਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ।
ਗਿੱਲ ਅਤੇ ਸ਼੍ਰੇਅਸ ਵਿਚਾਲੇ ਹੋਈ ਸੈਂਕੜੇ ਦੀ ਸਾਂਝੇਦਾਰੀ
259 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਰੋਹਿਤ ਸ਼ਰਮਾ (11) ਅਤੇ ਵਿਰਾਟ ਕੋਹਲੀ (5) ਸਸਤੇ ਵਿੱਚ ਆਊਟ ਹੋ ਗਏ, ਜਿਸ ਕਾਰਨ ਟੀਮ ਨੇ 48 ਸਕੋਰ ‘ਤੇ ਹੀ 2 ਵਿਕਟਾਂ ਗੁਆ ਦਿੱਤੀਆਂ। ਇਸ ਮੁਸ਼ਕਲ ਸਮੇਂ ਵਿੱਚ ਸ਼ੁਭਮਨ ਗਿੱਲ ਨੇ ਉਪ-ਕਪਤਾਨ ਸ਼੍ਰੇਅਸ ਅਈਅਰ (35) ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 101 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਹੋਈ। ਗਿੱਲ ਨੇ ਆਪਣੀ 75 ਗੇਂਦਾਂ ਦੀ ਪਾਰੀ ਵਿੱਚ 11 ਚੌਕੇ ਅਤੇ 1 ਸ਼ਾਨਦਾਰ ਛੱਕਾ ਲਗਾਇਆ।
ਅਕਸ਼ਰ ਅਤੇ ਵਾਸ਼ਿੰਗਟਨ ਨੇ ਜਿਤਾਇਆ ਹਾਰਿਆ ਹੋਇਆ ਮੈਚ
ਇੱਕ ਸਮੇਂ ਭਾਰਤੀ ਟੀਮ 160 ਸਕੋਰ ‘ਤੇ 4 ਵਿਕਟਾਂ ਗੁਆ ਕੇ ਸੰਕਟ ਵਿੱਚ ਨਜ਼ਰ ਆ ਰਹੀ ਸੀ। ਪਰ ਇਸ ਤੋਂ ਬਾਅਦ ‘ਪਲੇਅਰ ਆਫ਼ ਦ ਮੈਚ’ ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਨੇ ਮੋਰਚਾ ਸੰਭਾਲਿਆ। ਦੋਵਾਂ ਖਿਡਾਰੀਆਂ ਨੇ ਪੰਜਵੇਂ ਵਿਕਟ ਲਈ 102 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ 4.4 ਓਵਰ ਪਹਿਲਾਂ ਹੀ ਆਸਾਨੀ ਨਾਲ ਜਿੱਤ ਦਿਵਾ ਦਿੱਤੀ। ਇਸ ਜਿੱਤ ਨਾਲ ਭਾਰਤੀ ਖੇਮੇ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਇਸ ਤੋਂ ਪਹਿਲਾਂ ਟੀਮ ਨੂੰ ਆਇਰਲੈਂਡ ਅਤੇ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

