ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਮੰਗਲਵਾਰ ਨੂੰ ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ ਪੂਰਬੀ ਲੱਦਾਖ ਦੇ ਚੁਸ਼ੂਲ ਵਿਚ ਲਗਭਗ 14 ਘੰਟੇ ਦੀ ਬੈਠਕ ਹੋਈ ਹੈ। ਇਸ ਬੈਠਕ ਵਿਚ ਪੈਂਗੌਗ ਅਤੇ ਦੇਪਸਾਂਗ ਸਮੇਤ ਪੂਰਬੀ ਲੱਦਾਖ ਵਿਚ ਵਿਵਾਦ ਵਾਲੇ ਸਾਰੇ ਸਥਾਨਾਂ ਤੋਂ ਪੜਾਅਵਾਰ ਤਰੀਕੇ ਨਾਲ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਦੀ ਰੂਪ ਰੇਖਾ ਨੂੰ ਅੰਤਮ ਰੂਪ ਦੇਣ ਉੱਤੇ ਚਰਚਾ ਕੀਤੀ ਗਈ ਹੈ।
ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰਾ ਵਿਚਾਲੇ ਇਹ ਮੀਟਿੰਗ ਸਵੇਰੇ ਸਾਢੇ 11 ਵਜੇ ਸ਼ੁਰੂ ਹੋਈ ਅਤੇ ਰਾਤ 2 ਵਜੇ ਦੇ ਕਰੀਬ ਜਾ ਕੇ ਸਮਾਪਤ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਜ਼ਦੀਕ ਪਿਛਲੇ ਸੈਨਿਕ ਅਦਾਰਿਆਂ ਤੋਂ ਵੱਡੀ ਗਿਣਤੀ ਵਿਚ ਫੌਜੀਆਂ ਅਤੇ ਹਥਿਆਰਾਂ ਨੂੰ ਹਟਾਉਣ ਦੇ ਕਦਮਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਭਾਰਤੀ ਪੱਖ ਨੇ ਪੂਰਬੀ ਲੱਦਾਖ ਦੇ ਸਾਰੇ ਇਲਾਕਿਆਂ ਵਿਚ 5 ਮਈ ਤੋਂ ਪਹਿਲਾਂ ਵਾਲੀ ਪੁਰਾਣੀ ਸਥਿਤੀ ਬਹਾਲ ਕਰਨ ਉੱਤੇ ਜ਼ੋਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਖੇਤਰ ਮੀਟਿੰਗ ਵਿਚ ਚੀਨ ਦੇ ਨਵੇਂ ਦਾਅਵਿਆਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਅਤੇ ਪੈਂਗੌਗ ਸੂ ਸਮੇਤ ਕਈ ਇਲਾਕਿਆਂ ਵਿਚ ਚੀਨੀ ਸੈਨਿਕਾਂ ਦੀ ਤੁਰੰਤ ਵਾਪਸੀ ਦੀ ਮੰਗ ਕੀਤੀ ਗਈ। ਹਾਲਾਂਕਿ ਮੀਟਿੰਗ ਦੀ ਜਾਣਕਾਰੀ ਬਾਰੇ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸ ਦਈਏ ਕਿ ਚੌਥੇ ਪੜਾਅ ਦੀ ਇਸ ਬੈਠਕ ਵਿਚ ਭਾਰਤ ਦਾ ਪੱਖ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਰੱਖਿਆ ਅਤੇ ਚੀਨ ਦੀ ਅਗਵਾਈ ਉਸਦੇ ਦੱਖਣੀ ਸ਼ਿਨਜਿਆਂਗ ਫੌਜੀ ਖੇਤਰ ਦੇ ਕਮਾਂਡਰ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਦੇਸ਼ਾਂ ਦੇ ਫੌਜ਼ੀ ਕਮਾਂਡਰਾਂ ਦਰਮਿਆਨ 6 ਜੂਨ, 22 ਜੂਨ ਅਤੇ 30 ਜੂਨ ਨੂੰ ਗੱਲਬਾਤ ਹੋਈ ਸੀ।
