ਭਖਦੀ ਗਰਮੀ ਵਿਚ ਭਖਿਆ ਸਿਆਸੀ ਮਾਹੌਲ, ਆਪ ਤੇ ਬੀਜੇਪੀ ਵਰਕਰਾਂ ਵਿਚਾਲੇ ‘ਖੜਕੀ’!

ਪਠਾਨਕੋਟ-ਪੰਜਾਬ ਵਿੱਚ ਇੱਕ ਜੂਨ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ, ਸਿਆਸਤ ਭਖੀ ਹੋਈ ਹੈ। ਭਖਦੀ ਗਰਮੀ ਵਿਚ ਭਖੇ ਸਿਆਸੀ ਮਾਹੌਲ ਵਿਚ ਸਿਆਸੀ ਪਾਰਟੀਆਂ ਦੇ ਵਰਕਰ…

ਪਠਾਨਕੋਟ-ਪੰਜਾਬ ਵਿੱਚ ਇੱਕ ਜੂਨ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ, ਸਿਆਸਤ ਭਖੀ ਹੋਈ ਹੈ। ਭਖਦੀ ਗਰਮੀ ਵਿਚ ਭਖੇ ਸਿਆਸੀ ਮਾਹੌਲ ਵਿਚ ਸਿਆਸੀ ਪਾਰਟੀਆਂ ਦੇ ਵਰਕਰ ਵੀ ਭੱਖ ਗਏ ਹਨ। ਅੱਜ ਪਠਾਨਕੋਟ ਵਿੱਚ ਚੋਣ ਪ੍ਰਚਾਰ ਦੌਰਾਨ ਪੋਸਟਰ ਲਾਉਣ ਨੂੰ ਲੈ ਕੇ ‘ਆਪ’ ਅਤੇ ਭਾਜਪਾ ਦੇ ਵਰਕਰ ਆਹਮੋ ਸਾਹਮਣੇ ਹੋ ਗਏ। ਉਨ੍ਹਾਂ ਨੇ ਇੱਕ ਦੂਜੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇੱਕ ਦੂਜੇ ਉੱਤੇ ਵੱਧ ਚੜ੍ਹ ਕੇ ਦੋਸ਼ ਲਗਾਏ। ਇਸ ਦੌਰਾਨ ਪੁਲਿਸ ਨੇ ਵਿਚਕਾਰ ਹੋ ਕੇ ਮਾਮਲਾ ਸੰਭਾਲਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਮੁਤਾਬਕ AAP ਦੇ ਅਰਵਿੰਦ ਕੇਜਰੀਵਾਲ ਪਠਾਨਕੋਟ ਵਿਖੇ ਪਹੁੰਚ ਰਹੇ ਹਨ। ਜਿਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਪਠਾਨਕੋਟ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਥਾਂ-ਥਾਂ ‘ਤੇ ਪੋਸਟਰ ਲਗਾਏ ਗਏ ਹਨ ਪਰ ਉਥੇ ਹੀ ਮਾਮਲਾ ਉਸ ਵੇਲੇ ਗਰਮ ਹੋ ਗਿਆ ਜਦੋਂ ਵਾਲਮੀਕਿ ਚੌਕ ਵਿਖੇ ਸਰਕਾਰੀ ਖੰਭਿਆਂ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਪੋਸਟਰ ਲਗਾਏ ਗਏ ਤਾਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ ਦਾ ਡੱਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਦੀ ਸੂਚਨਾ ਜ਼ਿਲ੍ਹਾ ਚੋਣ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਵੀ ਦਿੱਤੀ ਗਈ ਹੈ ਪਰ ਜੇਕਰ ਫਿਰ ਵੀ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਖੰਭਿਆਂ ਤੋਂ ਪੋਸਟਰ ਨਹੀਂ ਉਤਾਰੇ ਜਾਂਦੇ ਤਾਂ ਉਹ ਵੱਡਾ ਸੰਘਰਸ਼ ਕਰਨਗੇ ਅਤੇ ਜਦ ਤੱਕ ਇਹ ਪੋਸਟਰ ਨਹੀਂ ਉਤਰਦੇ ਉਹ ਇਥੇ ਹੀ ਪ੍ਰਦਰਸ਼ਨ ਕਰਦੇ ਰਹਿਣਗੇ। 
ਉਧਰ, ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਬੀਜੇਪੀ ਵਾਲੇ ਆਪਣੇ ਹਾਰ ਵੇਖ ਕੇ ਬੁਖਲਾਏ ਹੋਏ ਹਨ। ਇਸ ਲਈ ਸਾਡੇ ਕੀਤੇ ਜਾ ਰਹੇ ਪ੍ਰਚਾਰ ਵਿਚ ਅੜਿੱਕਾ ਡਾਹ ਰਹੇ ਹਨ।

Leave a Reply

Your email address will not be published. Required fields are marked *