ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰੋਜ਼ਾਨਾ ਵੱਧ ਰਹੀ ਪੈਟਰੋਲ ਦੀਆਂ ਕੀਮਤਾਂ ਨਾਲ ਜਿੱਥੇ ਇਕ ਪਾਸੇ ਭਾਰਤ ਦੀ ਜਨਤਾ ਪਰੇਸ਼ਾਨ ਹੈ, ਉੱਥੇ ਹੀ ਗੁਆਂਢੀ ਮੁਲਕ ਪਾਕਿਸਤਾਨ ਵਿਚ ਵੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦਰਅਸਲ ਇੱਥੇ ਪੈਟਰੋਲ ਦੀਆਂ ਕੀਮਤਾਂ ਵਿਚ ਇਕ ਦਿਨ ‘ਚ ਹੀ ਲਗਭਗ 26(ਪਾਕਿਸਤਾਨੀ) ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 21 ਰੁਪਏ ਦਾ ਵਾਧਾ ਹੋਇਆ ਹੈ ਜਿਸ ਕਰਕੇ ਪੈਟਰੋਲ ਅਤੇ ਡੀਜ਼ਲ ਪਾਕਿਸਤਾਨ ਦੀ ਗਰੀਬ ਜਨਤਾ ਦੇ ਦਾਇਰੇ ਤੋਂ ਬਾਹਰ ਹੁੰਦਾ ਵਿਖਾਈ ਦੇ ਰਿਹਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਉੱਥੇ ਪੈਟਰੋਲਿਅਮ ਪਦਾਰਥਾਂ ਦਾ ਭਾਅ 27 ਫੀਸਦੀ ਤੋਂ ਵਧਾ ਕੇ 66 ਫੀਸਦੀ ਕਰ ਦਿੱਤਾ ਹੈ, ਜਿਸ ਕਰਕੇ ਪੈਟਰੋਲ ਦੀ ਕੀਮਤ ਵੱਧ ਕੇ 100.10 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਪੈਟਰੋਲ 74.52 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਸੀ ਜਿਸ ਵਿਚ 25.58 ਰੁਪਏ ਦਾ ਵਾਧਾ ਹੋਇਆ ਹੈ। ਜੇਕਰ ਭਾਰਤੀ ਰੁਪਏ ਦੀ ਪੈਟਰੋਲ ਨਾਲ ਤੁਲਨਾ ਕੀਤੀ ਜਾਵੇ ਤਾਂ ਪਾਕਿਸਤਾਨ ਵਿਚ ਪੈਟਰੋਲ ਦੀ ਕੀਮਤ ਇਸ ਵੇਲੇ ਕੇਵਲ 48 ਰੁਪਏ 18 ਪੈਸੇ ਪੈ ਰਹੀ ਹੈ। ਇਸ ਤਰ੍ਹਾ ਡੀਜ਼ਲ ਵੀ ਭਾਰਤੀ ਰੁਪਏ ਵਿਚ ਕੇਵਲ 45.80 ਰੁਪਏ ਪ੍ਰਤੀ ਲੀਟਰ ਪਵੇਗਾ। ਦਰਅਸਲ ਪਾਕਿਸਤਾਨ ਵਿਚ ਕੇਵਲ ਪੈਟਰੋਲ ਹੀ ਨਹੀਂ ਬਲਕਿ ਡੀਜ਼ਲ ਦੇ ਭਾਅ ਵੀ ਇਕ ਵਾਰ ਵਿਚ ਹੀ 21.31 ਰੁਪਏ ਵੱਧ ਗਏ ਹਨ ਜਿਸ ਕਰਕੇ ਇੱਥੇ ਡੀਜ਼ਲ ਦੀ ਕੀਮਤ 101.46 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਭਾਵ ਡੀਜ਼ਲ ਪੈਟਰੋਲ ਨਾਲੋਂ ਵੀ ਮਹਿੰਗਾ ਹੋ ਗਿਆ ਹੈ। ਉੱਥੇ ਹੀ ਲਾਈਟ ਡੀਜ਼ਲ ਦਾ ਰੇਟ 17.55 ਰੁਪਏ ਵਧਿਆ ਹੈ।
ਦੱਸ ਦਈਏ ਕਿ ਭਾਰਤ ਵਿਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ ਹੋਰ ਰੋਜ਼ ਵੱਧ ਰਹੇ ਹਨ। ਅੱਜ ਸ਼ਨੀਵਾਰ ਨੂੰ ਲਗਾਤਾਰ 21ਵੇਂ ਦਿਨ ਪੈਟਰੋਲ ਵਿਚ 25 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 21 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ ਜਿਸ ਕਰਕੇ ਰਾਜਧਾਨੀ ਦਿੱਲੀ ਵਿਚ ਪੈਟਰੋਲ ਦਾ ਭਾਅ 80.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 80.40 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

