ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੋਗਾ ਜ਼ਿਲ੍ਹੇ ‘ਚ ਇਕ ਹੋਰ ਪ੍ਰੇਮੀ ਜੋੜੇ ਨੇ ਸ਼ੁੱਕਰਵਾਰ ਨੂੰ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸਿੰਘਾਵਾਲਾ ਨੇੜੇ ਖੇਤ ਵਿੱਚੋਂ ਮਿਲਿਆ ਮ੍ਰਿਤਕ ਨੌਜਵਾਨ ਬਾਉਂਸਰ ਸੀ। ਨਾਲ ਹੀ ਉਸਦੀ ਪ੍ਰੇਮਿਕਾ 10 ਵੀਂ ਜਮਾਤ ਦੀ ਵਿਦਿਆਰਥਣ ਸੀ। ਦੱਸਿਆ ਜਾ ਰਿਹਾ ਹੈ ਕਿ, ਦੋਵਾਂ ਵਿਚਾਲੇ ਕੁਝ ਦਿਨਾਂ ਤੋਂ ਪ੍ਰੇਮ ਸੰਬੰਧ ਚੱਲ ਰਿਹਾ ਸੀ, ਪਰ ਜਦੋਂ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਹੋਇਆ ਤਾਂ ਉਕਤ ਵਿਦਿਆਰਥਣ ਨੇ ਦੁਲਹਨ ਵਾਂਗ ਸ਼ਿੰਗਾਰ ਕਰਕੇ ਆਪਣੇ ਪ੍ਰੇਮੀ ਨੌਜਵਾਨ ਨਾਲ ਜ਼ਹਿਰ ਖਾ ਜਿੰਦਗੀ ਖਤਮ ਕਰ ਲਈ। ਇਸ ਜੋੜੇ ਦੀ ਇਸ ਹਰਕਤ ਤੋਂ ਪਿੰਡ ਵਾਸੀ ਬਹੁਤ ਹੈਰਾਨ ਪਰੇਸ਼ਾਨ ਹਨ।
ਸੂਚਨਾ ਦੇ ਆਧਾਰ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾ ਬਾਰੇ ਕੁਝ ਕਿਹਾ ਜਾ ਸਕਦਾ ਹੈ। ਦੱਸ ਦਈਏ ਪਿਆਰ ਦੇ ਇਸ ਹਫ਼ਤੇ ‘ਚ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਪ੍ਰੇਮੀ ਜੋੜੇ ਨੇ ਇਕੱਠਿਆਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।ਸ਼ੁੱਕਰਵਾਰ ਨੂੰ ਬੱਧਨੀ ਕਲਾਂ ਖੇਤਰ ਵਿੱਚ ਇੱਕ ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਦੋਂ ਕਿ ਪਿੰਡ ਸਿੰਘਾਵਾਲਾ ‘ਚ ਵੀ ਪ੍ਰੇਮੀਆਂ ਵੱਲੋਂ ਪੁਲਿਸ ਨੂੰ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ, ਜਦੋਂ ਐਸਪੀਐਚ ਪੀਐਸ ਪਰਮਾਰ ਅਤੇ ਸਿਟੀ ਸਾਉਥ ਦੇ ਇੰਚਾਰਜ ਕਰਮਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਥੇ ਇਕ ਜਵਾਨ ਲੜਕੀ ਅਤੇ ਇਕ ਨੌਜਵਾਨ ਦੀਆਂ ਲਾਸ਼ਾਂ ਮਿਲੀਆਂ ਸਨ।
ਲੜਕੀ ਦੀ ਪਛਾਣ 18 ਸਾਲਾਂ ਰਮਨਦੀਪ ਕੌਰ ਪੁੱਤਰੀ ਜਗਰਾਜ ਸਿੰਘ ਵਜੋਂ ਹੋਈ, ਜੋ 10 ਵੀਂ ਜਮਾਤ ਵਿੱਚ ਪੜ੍ਹ ਰਹੀ ਸੀ। ਦੂਜੀ ਮ੍ਰਿਤਕ ਦੇਹ 22 ਸਾਲਾ ਰਾਜਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਬਲਦੇਵ ਸਿੰਘ ਦੀ ਸੀ। ਰਾਜਪ੍ਰੀਤ ਸਿੰਘ ਦੇ ਮਾਤਾ ਪਿਤਾ ਦਾ ਲੰਮਾ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਹੈ। ਉਸ ਦਾ ਇਕ ਭਰਾ ਵਿਦੇਸ਼ ਵਿੱਚ ਰਹਿੰਦਾ ਹੈ। ਰਾਜਪ੍ਰੀਤ ਸਮਾਗਮਾਂ ਵਿੱਚ ਬਾਉਂਸਰ ਦਾ ਕੰਮ ਕਰਦਾ ਸੀ।
ਪੁਲਿਸ ਅਨੁਸਾਰ ਰਮਨਦੀਪ ਕੌਰ ਦੇ ਹੱਥਾਂ ਵਿੱਚ ਸੁਹਾਗ ਦਾ ਚੂੜਾ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਦਿਆਂ ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਆਦਿ ਬਰਾਮਦ ਨਹੀਂ ਹੋਇਆ ਹੈ। ਪਤਾ ਲੱਗਣ ‘ਤੇ ਪ੍ਰੇਮੀ ਜੋੜੇ ਦਾ ਪਰਿਵਾਰ ਵੀ ਮੌਕੇ’ ਤੇ ਪਹੁੰਚ ਗਿਆ। ਵਿਦੇਸ਼ ਵਿੱਚ ਰਹਿੰਦੇ ਹੋਏ ਉਸਦੇ ਭਰਾ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ।


