ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਦੇਸ਼ ਦੀ ਨੈਸ਼ਨਲ ਅਸੈਂਬਲੀ ਵਿਚ ਭਾਸ਼ਣ ਦੌਰਾਨ ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਕਰਾਰ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਹ ਵਿਰੋਧ ਪਾਰਟੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਦੱਸ ਦਈਏ ਕਿ ਓਸਾਮਾ ਬਿਨ ਲਾਦੇਨ ਅੱਤਵਾਦੀ ਸੰਗਠਨ ਅਲਕਾਇਦਾ ਦਾ ਮੁੱਖੀ ਸੀ ਅਤੇ ਅਮਰੀਕਾ ਵਿਚ ਹੋਏ 9/11 ਦੇ ਹਮਲੇ ਦਾ ਮਾਸਟਰਮਾਇੰਡ ਸੀ, ਜਿਸ ਨੂੰ ਅਮਰੀਕਾ ਨੇ ਪਾਕਿਸਤਾਨ ਵਿਚ ਹੀ ਇਕ ਆਪ੍ਰੇਸ਼ਨ ਦੌਰਾਨ ਮਾਰ ਦਿੱਤਾ ਸੀ।
Prime Minister Imran Khan speech at the assembly #PMIKAssemblySpeech pic.twitter.com/wta9RYm8Hd
— PTI Sindh Official (@PTISindhOffice) June 25, 2020
ਦਰਅਸਲ ਇਮਰਾਨ ਖਾਨ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ”ਅਸੀ ਬਹੁਤ ਸ਼ਰਮਿੰਦਾ ਹੋਏ ਸੀ, ਜਦੋਂ ਅਮਰੀਕੀਆਂ ਨੇ ਐਬਟਾਬਾਦ ਵਿਚ ਆ ਕੇ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ..ਉਸ ਨੂੰ ਸ਼ਹੀਦ ਕਰ ਦਿੱਤਾ..ਉਸ ਤੋਂ ਬਾਅਦ ਸਾਰੀ ਦੁਨੀਆ ਨੇ ਸਾਨੂੰ ਮੰਦਾ-ਚੰਗਾ ਕਿਹਾ। ਸਾਡੇ ਹੀ ਸਹਿਯੋਗੀ ਸਾਡੇ ਮੁਲਕ ਵਿਚ ਆ ਕੇ ਆਪ੍ਰੇਸ਼ਨ ਕਰ ਰਿਹਾ ਸੀ ਅਤੇ ਸਾਨੂੰ ਪਤਾ ਹੀ ਨਹੀਂ ਸੀ। ਇਸ ਤੋਂ ਜ਼ਿਆਦਾ ਜ਼ਿੱਲਤ ਨਹੀਂ ਹੋ ਸਕਦੀ ਸੀ”। ਇਸ ਤੋਂ ਬਾਅਦ ਪਾਕਿਸਤਾਨ ਦੀ ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ(PML-N) ਨੇ ਇਮਰਾਨ ਖਾਨ ਦੇ ਬਿਆਨ ਦੀ ਸਖਤ ਨਿੰਦਿਆ ਕੀਤੀ ਹੈ। ਪੀਐਮਐਲ-ਐਨ ਦੇ ਨੇਤਾ ਖਵਾਜਾ ਆਸਿਫ ਨੇ ਸੰਸਦ ਵਿਚ ਹੀ ਪੀਐਮ ਇਮਰਾਨ ਖਾਨ ਨੂੰ ਝਾੜ ਪਾਉਂਦਿਆ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੁਨੀਆ ਦੇ ਸੱਭ ਤੋਂ ਖਤਰਨਾਕ ਅੱਤਵਾਦੀ ਨੂੰ ਹੀ ਸ਼ਹੀਦ ਕਹਿ ਰਹੇ ਹਨ। ਇਹ ਉਹ ਅੱਤਵਾਦੀ ਹੈ ਜਿਸ ਨੇ ਸਾਡੀ ਜ਼ਮੀਨ ਉੱਤੇ ਅੱਤਵਾਦ ਨੂੰ ਪਨਾਹ ਦਿੱਤੀ ਸੀ। ਉੱਥੇ ਹੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜਰਦਾਰੀ ਨੇ ਕਿਹਾ ਕਿ ਇਮਰਾਨ ਖਾਨ ਵੱਲੋਂ ਸੰਸਦ ਵਿਚ ਦਿੱਤਾ ਗਿਆ ਬਿਆਨ ਹਿੰਸਕ ਚਰਮਪੰਥ ਨੂੰ ਤੁਸ਼ਟੀਕਰਨ ਕਰਨ ਦੇ ਉਨ੍ਹਾਂ ਦੇ ਪੁਰਾਣੇ ਇਤਿਹਾਸ ਨਾਲ ਮੇਲ ਖਾਂਦਾ ਹੈ। ਇਸ ਤੋਂ ਇਲਾਵ ਹੋਰ ਵਿਰੋਧੀ ਪਾਰਟੀਆਂ ਵੱਲੋਂ ਵੀ ਇਮਰਾਨ ਖਾਨ ਦੇ ਬਿਆਨ ਨੂੰ ਮਦਭਾਗਾ ਦੱਸਿਆ ਜਾ ਰਿਹਾ ਹੈ। ਓਸਾਮਾ ਨੂੰ ਸ਼ਹੀਦ ਕਹਿਣ ਤੋਂ ਬਾਅਦ ਉਹ ਆਪਣੇ ਹੀ ਦੇਸ਼ ਵਿਚ ਚਾਰੇ ਪਾਸਿਓ ਘਿਰਦੇ ਹੋਏ ਨਜ਼ਰ ਆ ਰਹੇ ਹਨ।
