ਜਲੰਧਰ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਫੈਸਲਾਕੁੰਨ ਲੀਡ ਲੈ ਲਈ ਹੈ। ਉਹ 56 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਸਥਾਨ ‘ਤੇ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਹੈ। ਤੀਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਜਦਕਿ ਚੌਥੇ ਨੰਬਰ ‘ਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਹੈ।
ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਸਨ ਸਾਬਕਾ ਵਿਧਾਇਕ
ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਸਾਬਕਾ ਵਿਧਾਇਕ ਹਨ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਹੀ ਕੀਤੀ ਸੀ। ਹਾਲਾਂਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਸਨ। ਜ਼ਿਕਰਯੋਗ ਹੈ ਕਿ ਰਿੰਕੂ 1990 ਵਿੱਚ NSUI ਦਾ ਸਰਗਰਮ ਮੈਂਬਰ ਰਿਹਾ ਹੈ। 1992 ਵਿੱਚ ਅਕਾਲੀ ਦਲ ਦੀਆਂ ਉਪ ਚੋਣਾਂ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਨੇ ਨੌਜਵਾਨਾਂ ਨੂੰ ਚੋਣਾਂ ਲਈ ਤਿਆਰ ਕੀਤਾ ਅਤੇ ਬੂਥ ਲੈਵਲ ਵਰਕਰ ਵਜੋਂ ਕੰਮ ਕੀਤਾ।
ਸਿਆਸੀ ਪੈੜਾਂ
ਇਸ ਤੋਂ ਬਾਅਦ ਸਾਲ 1994 ਵਿਚ ਸੁਸ਼ੀਲ ਰਿੰਕੂ ਡੀਏਵੀ ਕਾਲਜ ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਦੀ ਕਲਚਰਲ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ। ਸਾਲ 2002 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਵਰਕਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹ ਸੀਨੀਅਰ ਕਾਂਗਰਸੀ ਆਗੂਆਂ ਦੀਆਂ ਨਜ਼ਰਾਂ ਵਿੱਚ ਆ ਗਿਆ। ਉਸਨੇ 2006 ਵਿੱਚ ਨਗਰ ਨਿਗਮ ਦੀ ਚੋਣ ਲੜੀ ਅਤੇ ਇੱਕ ਕਾਰਪੋਰੇਟਰ ਚੁਣਿਆ ਗਿਆ। ਉਹ 2500 ਵੋਟਾਂ ਨਾਲ ਜਿੱਤ ਗਏ।

