ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਮਰਯਾਦਾ ਨਾਲ ਜੁੜੇ ਇੱਕ ਸੰਵੇਦਨਸ਼ੀਲ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਬੀਤੀ 13 ਜਨਵਰੀ ਨੂੰ ਇੱਕ ਨੌਜਵਾਨ ਵੱਲੋਂ ਪਵਿੱਤਰ ਸਰੋਵਰ ਵਿੱਚ ਚੂਲੀ ਕਰਨ ਅਤੇ ਮਰਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਅੱਜ ਪੁਲਿਸ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ ਹੈ। ਐੱਸ.ਜੀ.ਪੀ.ਸੀ. ਦੇ ਨੁਮਾਇੰਦਿਆਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਨਾਮ ਥਾਣਾ ਈ-ਡਿਵੀਜ਼ਨ ਦੇ ਐੱਸ.ਐੱਚ.ਓ. ਹਰਮਨਦੀਪ ਸਿੰਘ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਪਰਿਕਰਮਾ ਨਹੀਂ ਕੀਤੀ, 20 ਮਿੰਟ ਤੱਕ ਸਰੋਵਰ ਕੋਲ ਰਿਹਾ ਨੌਜਵਾਨ
ਐੱਸ.ਜੀ.ਪੀ.ਸੀ. ਮੈਂਬਰਾਂ ਨੇ ਦੱਸਿਆ ਕਿ ਸੀਸੀਟੀਵੀ ਅਤੇ ਹੋਰ ਤੱਥਾਂ ਤੋਂ ਸਾਹਮਣੇ ਆਇਆ ਹੈ ਕਿ ਉਕਤ ਮੁਸਲਿਮ ਨੌਜਵਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖ਼ਲ ਤਾਂ ਹੋਇਆ, ਪਰ ਉਸ ਨੇ ਨਾ ਤਾਂ ਮੱਥਾ ਟੇਕਿਆ ਅਤੇ ਨਾ ਹੀ ਨਿਰਧਾਰਿਤ ਮਰਯਾਦਾ ਅਨੁਸਾਰ ਪਰਿਕਰਮਾ ਕੀਤੀ। ਸ਼ਿਕਾਇਤ ਮੁਤਾਬਕ ਨੌਜਵਾਨ ਲਗਭਗ 20 ਮਿੰਟ ਤੱਕ ਸਰੋਵਰ ਦੇ ਕਿਨਾਰੇ ਬੈਠਾ ਰਿਹਾ ਅਤੇ ਇਸ ਦੌਰਾਨ ਉਸ ਨੇ ਪਵਿੱਤਰ ਸਰੋਵਰ ਵਿੱਚ ਚੂਲੀ ਕੀਤੀ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵੱਲ ਇਸ਼ਾਰੇ ਵੀ ਕੀਤੇ, ਜੋ ਸਿੱਖ ਰੀਤਾਂ ਦੇ ਵਿਰੁੱਧ ਹਨ।
ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਸੰਗਤ ਵਿੱਚ ਭਾਰੀ ਰੋਸ
ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਦੁਨੀਆ ਭਰ ਦੀ ਸਿੱਖ ਸੰਗਤ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਹਾਲਾਂਕਿ, ਵਿਵਾਦ ਵਧਦਾ ਦੇਖ ਕੇ ਨੌਜਵਾਨ ਨੇ ਇੱਕ ਮੁਆਫ਼ੀਨਾਮਾ ਵੀਡੀਓ ਵੀ ਜਾਰੀ ਕੀਤੀ ਸੀ, ਪਰ ਐੱਸ.ਜੀ.ਪੀ.ਸੀ. ਨੇ ਇਸ ਨੂੰ ਨਕਾਰਦਿਆਂ ਕਿਹਾ ਕਿ ਉਸ ਦੀਆਂ ਹਰਕਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਕਿਸੇ ਖ਼ਾਸ ਮਕਸਦ ਜਾਂ ਸ਼ਰਾਰਤ ਤਹਿਤ ਹੀ ਅੰਦਰ ਦਾਖ਼ਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਨੌਜਵਾਨ ਦੇ ਨਾਲ ਪੰਜ ਹੋਰ ਸਾਥੀ ਵੀ ਮੌਜੂਦ ਸਨ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਥਾਣਾ ਮੁਖੀ ਨੇ ਭਰੋਸਾ ਦਿੱਤਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਵਾਇਰਲ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਸ.ਜੀ.ਪੀ.ਸੀ. ਨੇ ਮੰਗ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਮਰਯਾਦਾ ਭੰਗ ਕਰਨ ਦੇ ਦੋਸ਼ ਹੇਠ ਸਬੰਧਤ ਨੌਜਵਾਨ ਅਤੇ ਉਸ ਦੇ ਸਾਥੀਆਂ ‘ਤੇ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ।



