ਕੈਨੇਡਾ : ਕੈਨੇਡਾ ਦੇ Surrey ਸ਼ਹਿਰ ਵਿੱਚੋਂ ਇੱਕ ਬੇਹੱਦ ਦੁਖਦਾਈ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸ਼ਾਪਿੰਗ ਕੰਪਲੈਕਸ ਦੀ ਪਾਰਕਿੰਗ ਵਿੱਚ ਕਾਰ ਅੰਦਰ ਬੈਠੇ ਇੱਕ ਪੰਜਾਬੀ ਨੌਜਵਾਨ ਅਤੇ ਉਸਦੀ ਪ੍ਰੇਮਿਕਾ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪੁਲਿਸ ਇਸ ਘਟਨਾ ਨੂੰ ਮਿੱਥ ਕੇ ਕੀਤਾ ਗਿਆ ਹਮਲਾ ਮੰਨ ਕੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਸੋਮਵਾਰ ਰਾਤ ਨੂੰ ਵਾਪਰੀ ਦਰਦਨਾਕ ਘਟਨਾ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖ਼ੌਫ਼ਨਾਕ ਘਟਨਾ ਬੀਤੇ ਸੋਮਵਾਰ (16 ਨਵੰਬਰ) ਦੀ ਰਾਤ ਨੂੰ ਕਰੀਬ 10:38 ਵਜੇ ਸਰੂ ਦੀ 124 ਸਟ੍ਰੀਟ ਅਤੇ 88 ਐਵੇਨਿਊ ‘ਤੇ ਸਥਿਤ ਵਾਲਮਾਰਟ ਦੇ ਬਿਲਕੁਲ ਸਾਹਮਣੇ ਵਾਲੀ ਪਾਰਕਿੰਗ ਵਿੱਚ ਵਾਪਰੀ। ਮ੍ਰਿਤਕਾਂ ਵਿੱਚ 23 ਸਾਲਾ ਪੰਜਾਬੀ ਨੌਜਵਾਨ ਅਤੇ 24 ਸਾਲਾ ਪੰਜਾਬੀ ਯੁਵਤੀ ਸ਼ਾਮਲ ਹਨ, ਜੋ ਉਸ ਸਮੇਂ ਇੱਕ ਲਾਲ ਰੰਗ ਦੀ ਸਪੋਰਟਸ ਕਾਰ ਵਿੱਚ ਸਵਾਰ ਸਨ। ਜਦੋਂ ਉਹ ਕਾਰ ਵਿੱਚ ਬੈਠੇ ਸਨ, ਤਾਂ ਅਚਾਨਕ ਹਮਲਾਵਰਾਂ ਨੇ ਉਨ੍ਹਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਮੌਕੇ ‘ਤੇ ਹੀ ਹੋਈ ਮੌਤ
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਸਰਵਿਸਿਜ਼ ਅਤੇ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਜ਼ਖ਼ਮੀ ਨੌਜਵਾਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਗੋਲੀਆਂ ਕਾਰਨ ਲੱਗੀਆਂ ਗੰਭੀਰ ਸੱਟਾਂ ਦੀ ਤਾਬ ਨਾ ਝੱਲਦਿਆਂ ਦੋਵਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਭਿਆਨਕ ਕਾਂਡ ਤੋਂ ਬਾਅਦ ਕੈਨੇਡਾ ਦੀ ਵਿਸ਼ੇਸ਼ ‘ਇੰਟੀਗ੍ਰੇਟੇਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ’ (IHIT) ਨੇ ਮਾਮਲੇ ਦੀ ਕਮਾਣ ਆਪਣੇ ਹੱਥਾਂ ਵਿੱਚ ਲੈ ਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



