ਗੁਰਦਾਸਪੁਰ : ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ’ਤੇ ਗੁਰਦਾਸਪੁਰ ਦੇ ਪਿੰਡ ਪਨਿਆੜ ਨੇੜੇ ਇੱਕ ਬੇਹੱਦ ਜ਼ਬਰਦਸਤ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਬੇਕਾਬੂ ਟਿੱਪਰ ਨੇ ਹਾਈਵੇ ‘ਤੇ ਖੜ੍ਹੇ ਦੋ ਵਾਹਨਾਂ ਨੂੰ ਇੱਕ ਤੋਂ ਬਾਅਦ ਇੱਕ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਕਾਰਨ ਪਹਿਲਾਂ ਤੋਂ ਸੜਕ ਕੰਢੇ ਖੜ੍ਹਾ ਇੱਕ ਟਰੱਕ ਅਤੇ ਪੱਥਰਾਂ ਨਾਲ ਲੱਦਿਆ ਇੱਕ ਹੋਰ ਟਿੱਪਰ ਹਾਈਵੇ ‘ਤੇ ਹੀ ਪਲਟ ਗਏ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਕ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਟਿੱਪਰ ਚਾਲਕ ਨੇ ਸੁਣਾਈ ਹੰਢੀ ਹੱਡਬੀਤੀ
ਹਾਦਸੇ ਦਾ ਸ਼ਿਕਾਰ ਹੋਏ ਪੱਥਰਾਂ ਨਾਲ ਭਰੇ ਟਿੱਪਰ ਦੇ ਚਾਲਕ ਕੁਲਦੀਪ ਨੇ ਦੱਸਿਆ ਕਿ ਉਹ ਜੰਮੂ ਦੇ ਕਠੂਆ ਤੋਂ ਪੱਥਰ ਲੋਡ ਕਰਕੇ ਲਿਆ ਰਿਹਾ ਸੀ। ਪਨਿਆੜ ਨੇੜੇ ਉਹ ਇੱਕ ਢਾਬੇ ‘ਤੇ ਰੁਕਿਆ ਹੋਇਆ ਸੀ, ਜਿੱਥੇ ਉਸ ਦੇ ਟਿੱਪਰ ਦੇ ਪਿੱਛੇ ਇੱਕ ਹੋਰ ਟਰੱਕ ਖੜ੍ਹਾ ਸੀ, ਜਿਸ ਦਾ ਪੈਂਚਰ ਲੱਗ ਰਿਹਾ ਸੀ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਅੰਨ੍ਹੇਵਾਹ ਤੇਜ਼ ਰਫ਼ਤਾਰ ਟਿੱਪਰ ਨੇ ਪਹਿਲਾਂ ਉਸ ਪੈਂਚਰ ਹੋ ਰਹੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਕੇ ਪਲਟਾ ਦਿੱਤਾ ਅਤੇ ਫਿਰ ਬੇਕਾਬੂ ਹੁੰਦਾ ਹੋਇਆ ਸਿੱਧਾ ਉਸ ਦੇ ਪੱਥਰਾਂ ਨਾਲ ਲੱਦੇ ਟਿੱਪਰ ਵਿੱਚ ਜਾ ਵੱਜਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਉਸ ਦਾ ਭਾਰੀ ਟਿੱਪਰ ਵੀ ਹਾਈਵੇ ‘ਤੇ ਪਲਟ ਗਿਆ, ਜਿਸ ਕਾਰਨ ਉਸ ਦਾ ਕਰੀਬ 8 ਤੋਂ 9 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ।
SSF ਨੇ ਜਖਮੀ ਨੂੰ ਪਹੁੰਚਾਇਆ ਹਸਪਤਾਲ
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੁਸਤੈਦੀ ਦਿਖਾਉਂਦਿਆਂ ‘ਸੜਕ ਸੁਰੱਖਿਆ ਫੋਰਸ’ ਦੇ ਅਧਿਕਾਰੀ ਅਤੇ ਜਵਾਨ ਤੁਰੰਤ ਮੌਕੇ ‘ਤੇ ਪਹੁੰਚੇ। ਹਾਦਸੇ ਦੌਰਾਨ ਪੈਂਚਰ ਹੋ ਰਹੇ ਟਰੱਕ ਦੇ ਡਰਾਈਵਰ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ, ਜਿਸ ਨੂੰ ਐੱਸ.ਐੱਸ.ਐੱਫ. ਦੀ ਟੀਮ ਨੇ ਤੁਰੰਤ ਸੰਭਾਲਦਿਆਂ ਜ਼ਖਮੀ ਹਾਲਤ ਵਿੱਚ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ। ਹਾਦਸੇ ਕਾਰਨ ਹਾਈਵੇ ‘ਤੇ ਲੱਗੇ ਜਾਮ ਨੂੰ ਹਟਾਉਣ ਲਈ ਤੁਰੰਤ ਹਾਈਡਰਾ ਕ੍ਰੇਨ ਮੰਗਵਾਈ ਗਈ ਅਤੇ ਪਲਟੇ ਹੋਏ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਦੁਬਾਰਾ ਸੁਚਾਰੂ ਰੂਪ ਵਿੱਚ ਚਾਲੂ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


