ਜਲਾਲਾਬਾਦ: ਹਲਕਾ ਜਲਾਲਾਬਾਦ ਦੇ ਵਿਕਾਸ ਅਤੇ ਇਸ ਦੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਲਈ ਅੱਜ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਵੱਡੀ ਪਹਿਲਕਦਮੀ ਕੀਤੀ ਗਈ। ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲੇ 14 ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਪ੍ਰੋਜੈਕਟ ਦਾ ਮੁੱਖ ਕੇਂਦਰ ਸ਼ਹਿਰ ਦੀਆਂ ਪੁਰਾਣੀਆਂ ਅਤੇ ਅਣਗੌਲੀਆਂ ਵਿਰਾਸਤੀ ਇਮਾਰਤਾਂ ਦਾ ਨਵੀਨੀਕਰਨ ਕਰਨਾ ਹੈ।
ਰਾਣੀ ਮਹਿਲ ਅਤੇ ਪੁਰਾਣੀ ਤਹਿਸੀਲ ਦਾ ਹੋਵੇਗਾ ਕਾਇਆ-ਕਲਪ
ਵਿਧਾਇਕ ਗੋਲਡੀ ਨੇ ਦੱਸਿਆ ਕਿ ਜਲਾਲਾਬਾਦ ਦੀ ਪੁਰਾਣੀ ਤਹਿਸੀਲ ਦੀ ਇਮਾਰਤ, ਜੋ ਕਦੇ ਸ਼ਹਿਰ ਦੀ ਸ਼ਾਨ ਹੁੰਦੀ ਸੀ, ਨੂੰ ਹੁਣ ਰੈਨੋਵੇਟ ਕਰਕੇ ਉੱਥੇ ਇੱਕ ਆਧੁਨਿਕ ਮਿਊਜ਼ੀਅਮ (ਅਜਾਇਬ ਘਰ) ਬਣਾਇਆ ਜਾਵੇਗਾ। ਇਸੇ ਤਰ੍ਹਾਂ ਇਤਿਹਾਸਕ ‘ਰਾਣੀ ਮਹਿਲ’ ਦੀ ਇਮਾਰਤ, ਜਿੱਥੇ ਮੌਜੂਦਾ ਸਮੇਂ ਸਰਕਾਰੀ ਸਕੂਲ ਚੱਲ ਰਿਹਾ ਹੈ, ਦੀ ਦਿੱਖ ਨੂੰ ਵੀ ਮੁੜ ਤੋਂ ਨਿਖਾਰਿਆ ਜਾਵੇਗਾ ਅਤੇ ਉੱਥੇ ਵਿਦਿਆਰਥੀਆਂ ਤੇ ਲੋਕਾਂ ਲਈ ਇੱਕ ਸ਼ਾਨਦਾਰ ਲਾਈਬ੍ਰੇਰੀ ਤਿਆਰ ਕੀਤੀ ਜਾਵੇਗੀ।
ਡੇਢ ਕਰੋੜ ਦੇ ਅਖ਼ਤਿਆਰੀ ਫੰਡ ਨਾਲ ਵਿਰਾਸਤ ਦੀ ਸੰਭਾਲ
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਪੁਰਾਣੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਇਮਾਰਤਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਖੰਡਰ ਬਣ ਰਹੀਆਂ ਸਨ। ਉਨ੍ਹਾਂ ਕਿਹਾ ਕਿ “ਮੈਂ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਡੇਢ ਕਰੋੜ ਰੁਪਏ ਸਿਰਫ ਇਨ੍ਹਾਂ ਵਿਰਾਸਤੀ ਇਮਾਰਤਾਂ ਦੇ ਨਵੀਨੀਕਰਨ ਲਈ ਰਾਖਵੇਂ ਰੱਖੇ ਹਨ। ਸਾਡਾ ਮਕਸਦ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਸ਼ਾਨਦਾਰ ਵਿਰਾਸਤ ਨਾਲ ਜੋੜਿਆ ਜਾਵੇ ਅਤੇ ਇਨ੍ਹਾਂ ਇਮਾਰਤਾਂ ਨੂੰ ਮੁੜ ਉਸੇ ਪੁਰਾਣੀ ਦਿੱਖ ਵਿੱਚ ਬਹਾਲ ਕੀਤਾ ਜਾਵੇ।”
ਸ਼ਹਿਰ ਦੇ ਵਿਕਾਸ ਨੂੰ ਮਿਲੇਗੀ ਨਵੀਂ ਗਤੀ
ਇੱਕੋ ਦਿਨ ਵਿੱਚ 14 ਨੀਂਹ ਪੱਥਰ ਰੱਖਣ ਨਾਲ ਜਲਾਲਾਬਾਦ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸੜਕਾਂ, ਗਲੀਆਂ ਅਤੇ ਜਨਤਕ ਸਹੂਲਤਾਂ ਤੋਂ ਇਲਾਵਾ ਸੱਭਿਆਚਾਰਕ ਸੰਭਾਲ ਵੱਲ ਦਿੱਤਾ ਗਿਆ ਜ਼ੋਰ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ। ਵਿਧਾਇਕ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਸਾਰੇ ਕਾਰਜਾਂ ਨੂੰ ਮਿੱਥੇ ਸਮੇਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।



