ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਗਾਤਾਰ ਤਿੰਨ ਦਿਨਾਂ ਤੋ ਜਾਰੀ ਬਾਰਿਸ਼ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਲਈ ਆਫ਼ਤ ਬਣ ਕੇ ਆਈ ਹੈ ਜਿੱਥੇ ਇਕ ਪਾਸੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਖਰਾਬ ਮੌਸਮ ਕਰਕੇ ਸਬਜੀਆਂ ਦੇ ਭਾਅ ਵੀ ਦੁਗਣੇ ਹੋ ਗਏ ਹਨ।
ਮੌਸਮ ਨੇ ਲਈ ਕਰਵਟ ਤੋਂ ਬਾਅਦ ਆਲੂ, ਪਿਆਜ, ਗੋਭੀ,ਮਟਰ, ਭਿੰਡੀ ਅਤੇ ਟਮਾਟਰ ਵਰਗੀਆਂ ਸਬਜ਼ੀਆ ਦੇ ਭਾਅ ਅੱਗੇ ਨਾਲੋਂ ਕਾਫ਼ੀ ਵੱਧ ਗਏ ਹਨ। ਜਾਣਕਾਰੀ ਅਨੁਸਾਰ ਗੋਭੀ ਦਾ ਭਾਅ 10 ਰੁਪਏ ਕਿਲੋਂ ਤੋਂ ਵੱਧ ਕੇ 30 ਰੁਪਏ ਕਿਲੋਂ ਹੋ ਗਿਆ ਹੈ, ਮਟਰ 20 ਰੁਪਏ ਤੋਂ 40 ਰੁਪਏ ਕਿਲੋਂ ਪਹੁੰਚ ਗਿਆ ਹੈ ਉੱਥੇ ਹੀ ਆਲੂ ਦਾ ਭਾਅ ਵੱਧ ਕੇ 20 ਰੁਪਏ ਕਿਲੋ ਹੋ ਗਿਆ ਹੈ। ਭਿੰਡੀ 80 ਰੁਪਏ ਕਿਲੋ ਤੱਕ ਪਹੁੰਚ ਗਈ ਹੈ ਜਦਕਿ ਪਿਆਜ ਅਤੇ ਖੀਰਾ 40 ਰੁਪਏ ਕਿਲੋ ਹੋ ਗਏ ਹਨ। ਮਹਿੰਗੀਆ ਸਬਜੀਆਂ ਹੋਣ ਦਾ ਕਾਰਨ ਬਰਸਾਤ ਹੈ ਕਿਉਂਕਿ ਮੀਂਹ ਪੈਣ ਕਰਕੇ ਸਬਜੀਆਂ ਮੰਡੀਆਂ ਤੱਕ ਨਹੀਂ ਪਹੁੰਚ ਰਹੀਆਂ ਜਿਸ ਕਰਕੇ ਇਨ੍ਹਾਂ ਦੇ ਭਾਅ ਲਗਾਤਾਰ ਵੱਧ ਰਹੇ ਹਨ ਇਸ ਦਾ ਸਿੱਧਾ ਅਸਰ ਸਬਜੀ ਵੇਚਣ ਵਾਲਿਆਂ ਅਤੇ ਆਮ ਲੋਕਾਂ ਉੱਤੇ ਪੈ ਰਿਹਾ ਹੈ।
ਤੇਜ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕੇਵਲ ਸਬਜੀਆਂ ਹੀ ਮਹਿੰਗੀਆਂ ਨਹੀਂ ਹੋਈਆਂ ਬਲਕਿ ਕਿਸਾਨਾਂ ਦੀ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਅਨਾਜ ਦੀਆਂ ਫਸਲਾਂ ਬਿਛ ਗਈਆਂ ਹਨ ਜਿਸ ਕਰਕੇ ਇਸ ਵਾਰ ਝਾੜ ਘੱਟਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਸਾਨ ਆਪਣੀ ਫਸਲ ਦੇ ਨੁਕਸਾਨ ਤੋਂ ਬਾਅਦ ਸਰਕਾਰ ਕੋਲੋਂ ਹੀ ਕੋਈ ਮਦਦ ਦੀ ਆਸ ਲਗਾਈ ਬੈਠੇ ਹਨ। ਇਸ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਵੀ ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਨਸ਼ਟ ਹੋ ਗਿਆ ਹੈ।


