ਲੁਧਿਆਣਾ : 1 ਸਤੰਬਰ ਤੋਂ ਲੈ ਕੇ ਹੁਣ ਤੱਕ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਸੀ। ਲੋਕ ਗਰਮੀ ਤੋਂ ਪਰੇਸ਼ਾਨ ਸੀ ਪਰ ਪੰਜਾਬ ’ਚ ਵੀਰਵਾਰ ਨੂੰ ਦੂਜੇ ਦਿਨ ਵੀ ਮੌਸਮ ਦਾ ਮਿਜ਼ਾਜ ਬਦਲਿਆ ਰਿਹਾ। ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈ ਰਿਹਾ ਅਤੇ ਕਈ ਥਾਵਾਂ ਉੱਤੇ ਬੱਦਲ ਛਾਏ ਰਹੇ।
ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਗੁਰਦਾਸਪੁਰ ’ਚ ਸਭ ਤੋਂ ਜ਼ਿਆਦਾ 49.7 ਮਿਲੀਮੀਟਰ, ਐੱਸਬੀਐੱਸ ਨਗਰ ’ਚ 17.3, ਲੁਧਿਆਣਾ ’ਚ 35.8, ਹੁਸ਼ਿਆਰਪੁਰ ’ਚ 2.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਮੀਂਹ ਤੋਂ ਬਾਅਦ ਤਾਪਮਾਨ ’ਚ ਵੀ ਕਮੀ ਆਈ। ਜ਼ਿਆਦਾਤਰ ਜ਼ਿਲ੍ਹਿਆਂ ’ਚ ਤਾਪਮਾਨ 33 ਤੋਂ 35 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋ ਸਕਦੀ ਹੈ। ਖ਼ਾਸ ਤੌਰ ’ਤੇ ਲੁਧਿਆਣਾ, ਪਟਿਆਲਾ, ਐੱਸਬੀਐੱਸ ਨਗਰ, ਰੋਪੜ, ਮੋਗਾ ਤੇ ਜਲੰਧਰ ’ਚ। ਇਸ ਤੋਂ ਬਾਅਦ 16 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸਤੰਬਰ ਦੇ ਪਹਿਲੇ 12 ਦਿਨਾਂ ’ਚ ਪੰਜਾਬ ’ਚ ਮੀਂਹ ਨਹੀਂ ਪਿਆ ਪਰ ਹੁਣ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ।



