ਨਵੀਂ ਦਿੱਲੀ: ਦੇਸ਼ ਭਰ ਵਿਚ ਗਰਮੀ ਦਾ ਗ੍ਰਾਫ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਹਾਲ ਹੀ ‘ਚ ਦੇਸ਼ ਦੇ ਕਈ ਇਲਾਕਿਆਂ ‘ਚ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ। ਇਸ ਦੇ ਨਾਲ ਹੀ ਕਈ ਸੂਬਿਆਂ ਵਿਚ ਧੂੜ ਭਰੀ ਹਨੇਰੀ ਵੀ ਆਈ। ਪਰ ਮੌਸਮ ਵਿਭਾਗ ਦੇ ਅਨੁਸਾਰ ਫਿਲਹਾਲ ਸਖ਼ਤ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇੰਨਾ ਹੀ ਨਹੀਂ IMD ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ 5 ਦਿਨਾਂ ਦੌਰਾਨ ਗਰਮੀ ਦਾ ਰਿਕਾਰਡ ਵੀ ਟੁੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਸੂਬਿਆਂ ‘ਚ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ।
Also Read: ਕੈਪਟਨ ਅਮਰਿੰਦਰ ਸਿੰਘ ਤੋਂ ਭਾਜਪਾ ਨੇ ਕੀਤੀ ਤੌਬਾ, ਪੰਜਾਬ ‘ਚ ਇਕੱਲੇ ਹੀ ਲੜੇਗੀ ਜਿਮਨੀ ਤੇ ਨਗਰ ਨਿਗਮ ਚੋਣਾਂ
ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਦੌਰਾਨ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਤੇਜ਼ ਗਰਮੀ ਪੈ ਸਕਦੀ ਹੈ। 28 ਅਪ੍ਰੈਲ ਤੋਂ 1 ਮਈ ਤੱਕ ਪੰਜਾਬ, ਹਰਿਆਣਾ-ਚੰਡੀਗੜ੍ਹ ਅਤੇ ਦਿੱਲੀ ‘ਚ ਵੀ ਗਰਮੀ ਦੇ ਰਿਕਾਰਡ ਟੁੱਟ ਸਕਦੇ ਹਨ। ਦੂਜੇ ਪਾਸੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਗਰਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਛੱਤੀਸਗੜ੍ਹ ਅਤੇ ਗੁਜਰਾਤ ਵਿੱਚ ਵੀ ਅਗਲੇ ਦੋ ਦਿਨਾਂ ਦੌਰਾਨ ਹੀਟ ਵੇਵ ਦੀ ਸੰਭਾਵਨਾ ਹੈ।
4 ਤੋਂ 5 ਡਿਗਰੀ ਸੈਲਸੀਅਸ ਵਧੇਗਾ ਤਾਪਮਾਨ
ਉੱਤਰੀ-ਪੱਛਮੀ ਭਾਰਤ ‘ਚ ਅਗਲੇ ਪੰਜ ਦਿਨਾਂ ਦੌਰਾਨ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। ਪੂਰਬੀ ਭਾਰਤ ‘ਚ ਵੀ ਗਰਮੀ ਵਧਣ ਵਾਲੀ ਹੈ। ਖਾਸ ਤੌਰ ‘ਤੇ ਬਿਹਾਰ, ਉੜੀਸਾ ਅਤੇ ਬੰਗਾਲ ਦੇ ਕਈ ਇਲਾਕੇ ਭਿਆਨਕ ਗਰਮੀ ਦੀ ਲਪੇਟ ‘ਚ ਆ ਸਕਦੇ ਹਨ। ਝਾਰਖੰਡ ਅਤੇ ਰਾਜਸਥਾਨ ਦੇ ਕਈ ਇਲਾਕਿਆਂ ‘ਚ ਤਾਪਮਾਨ 40-42 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਆਉਣ ਵਾਲੇ 2 ਤੋਂ 3 ਦਿਨਾਂ ‘ਚ ਇਸ ‘ਚ ਹੋਰ ਵਾਧਾ ਹੋ ਸਕਦਾ ਹੈ।
ਲਗਾਤਾਰ ਟੁੱਟ ਰਹੇ ਹਨ ਗਰਮੀ ਦੇ ਰਿਕਾਰਡ
ਮੌਸਮ ਵਿਭਾਗ ਨੇ ਪਹਿਲਾਂ ਕਿਹਾ ਸੀ ਕਿ ਉੱਤਰ-ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਅਪ੍ਰੈਲ ਵਿੱਚ ਹੋਰ ਤੀਬਰ ਅਤੇ ਲਗਾਤਾਰ ਗਰਮੀ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਭਾਰਤ ਵਿੱਚ ਇਸ ਸਾਲ ਮਾਰਚ ਦਾ ਮਹੀਨਾ ਪਿਛਲੇ 122 ਸਾਲਾਂ ਵਿੱਚ ਸਭ ਤੋਂ ਗਰਮ ਮਹੀਨਾ ਰਿਹਾ ਅਤੇ ਇਸ ਦੌਰਾਨ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਭਿਆਨਕ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ।



