ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਗੁੰਡਾਗਰਦੀ ਅਤੇ ਹਿੰਸਾ ਦਾ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੰਧੇਰੀ ਅਤੇ ਬੋਰੀਵਲੀ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਚਲਦੀ ਲੋਕਲ ਟ੍ਰੇਨ ਦੇ ਫਸਟ-ਕਲਾਸ ਕੋਚ ਵਿੱਚ ਇੱਕ 22 ਸਾਲਾ ਨੌਜਵਾਨ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਲਾਜ ਦੌਰਾਨ ਜ਼ਖ਼ਮੀ ਨੌਜਵਾਨ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਖ਼ਬਰ ਮੁਤਾਬਕ ਇਹ ਖ਼ੂਨੀ ਝਗੜਾ ਭਾਰੀ ਮੀਂਹ ਦੌਰਾਨ ਟ੍ਰੇਨ ਦੇ ਡੱਬੇ ਦਾ ਦਰਵਾਜ਼ਾ ਬੰਦ ਕਰਨ ਵਰਗੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਸੀ।
ਕੰਮ ਤੋਂ ਘਰ ਪਰਤ ਰਿਹਾ ਸੀ ਮ੍ਰਿਤਕ ਮਯੰਕ
ਮ੍ਰਿਤਕ ਦੀ ਪਛਾਣ 22 ਸਾਲਾ ਮਯੰਕ ਲੋਹਾਰ ਵਜੋਂ ਹੋਈ ਹੈ, ਜੋ ਅੰਧੇਰੀ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ ਉਸ ਵੇਲੇ ਵਾਪਰੀ ਜਦੋਂ ਮਯੰਕ ਆਪਣੀ ਡਿਊਟੀ ਖ਼ਤਮ ਕਰਕੇ ਘਰ ਪਰਤ ਰਿਹਾ ਸੀ। ਉਹ ਟ੍ਰੇਨ ਨੰਬਰ-90663 ਦੇ ਫਸਟ-ਕਲਾਸ ਕੋਚ ਵਿੱਚ ਸਵਾਰ ਸੀ, ਜੋ ਰਾਤ 10:05 ਵਜੇ ਚਰਚਗੇਟ ਤੋਂ ਚੱਲੀ ਸੀ।
ਸਫ਼ਰ ਦੌਰਾਨ ਤੇਜ਼ ਮੀਂਹ ਪੈਣ ਕਾਰਨ ਮਯੰਕ ਨੇ ਕੋਚ ਵਿੱਚ ਮੌਜੂਦ ਇੱਕ ਹੋਰ ਯਾਤਰੀ (ਮੁਲਜ਼ਮ) ਨੂੰ ਡੱਬੇ ਦਾ ਦਰਵਾਜ਼ਾ ਬੰਦ ਕਰਨ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਗੁੱਸੇ ਵਿੱਚ ਆਏ ਮੁਲਜ਼ਮ ਨੇ ਆਪਣੀ ਜੇਬ ਵਿੱਚੋਂ ਤੇਜ਼ਧਾਰ ਚਾਕੂ ਕੱਢਿਆ ਅਤੇ ਮਯੰਕ ਦੇ ਪੇਟ ਵਿੱਚ ਖੋਪ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ।
ਚਲਦੀ ਟ੍ਰੇਨ ‘ਚੋਂ ਛਾਲ ਮਾਰ ਕੇ ਫ਼ਰਾਰ ਹੋਇਆ ਕਾਤਲ
ਹਮਲਾ ਕਰਨ ਤੋਂ ਬਾਅਦ ਜਿਵੇਂ ਹੀ ਟ੍ਰੇਨ ਰਾਤ 11:04 ਵਜੇ ਬੋਰੀਵਲੀ ਸਟੇਸ਼ਨ ਦੇ ਪਲੇਟਫਾਰਮ ਨੰਬਰ-6 ਦੇ ਨੇੜੇ ਪਹੁੰਚੀ, ਤਾਂ ਟ੍ਰੇਨ ਦੇ ਪੂਰੀ ਤਰ੍ਹਾਂ ਰੁਕਣ ਤੋਂ ਪਹਿਲਾਂ ਹੀ ਮੁਲਜ਼ਮ ਚਲਦੀ ਗੱਡੀ ਵਿੱਚੋਂ ਛਾਲ ਮਾਰ ਕੇ ਸਟੇਸ਼ਨ ਦੇ ਰਸਤੇ ਫ਼ਰਾਰ ਹੋ ਗਿਆ। ਟ੍ਰੇਨ ਵਿੱਚ ਸਵਾਰ ਹੋਰਨਾਂ ਯਾਤਰੀਆਂ ਵਿੱਚ ਇਸ ਘਟਨਾ ਤੋਂ ਬਾਅਦ ਚੀਕ-ਚਿਹਾਰਾ ਮਚ ਗਿਆ ਅਤੇ ਤੁਰੰਤ ਰੇਲਵੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ।
ਰੇਲਵੇ ਦਾ ਐਮਰਜੈਂਸੀ ਰਿਸਪਾਂਸ ਸਿਸਟਮ ਹੋਇਆ ਸਰਗਰਮ
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਖ਼ਬਰ ਮਿਲਦਿਆਂ ਹੀ ਸਟੇਸ਼ਨ ‘ਤੇ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਅਲਰਟ ਕਰ ਦਿੱਤਾ ਗਿਆ। ਟ੍ਰੇਨ ਦੇ ਸਟੇਸ਼ਨ ‘ਤੇ ਪਹੁੰਚਦੇ ਹੀ ਆਰ.ਪੀ.ਐੱਫ. (RPF) ਅਤੇ ਜੀ.ਆਰ.ਪੀ. (GRP) ਦੇ ਜਵਾਨ ਮੈਡੀਕਲ ਟੀਮ ਅਤੇ ਸਟ੍ਰੈਚਰ ਸਮੇਤ ਕੋਚ ਵਿੱਚ ਦਾਖਲ ਹੋਏ। ਮਯੰਕ ਨੂੰ ਤੁਰੰਤ ਟ੍ਰੇਨ ‘ਚੋਂ ਬਾਹਰ ਕੱਢ ਕੇ ਰਾਤ 11:22 ਵਜੇ ਬੋਰੀਵਲੀ ਸਟੇਸ਼ਨ ਦੇ ਐਮਰਜੈਂਸੀ ਮੈਡੀਕਲ ਰੂਮ ਵਿੱਚ ਲਿਜਾਇਆ ਗਿਆ। ਉੱਥੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਐਂਬੂਲੈਂਸ ਰਾਹੀਂ ਕਾਂਦੀਵਲੀ ਦੇ ਸ਼ਤਾਬਦੀ ਹਸਪਤਾਲ ਰੈਫਰ ਕੀਤਾ ਗਿਆ, ਪਰ ਅਫ਼ਸੋਸ ਕਿ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਇਲਾਜ ਦੌਰਾਨ ਮਯੰਕ ਦੀ ਮੌਤ ਹੋ ਗਈ। ਰੇਲਵੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਸਟੇਸ਼ਨ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਫ਼ਰਾਰ ਕਾਤਲ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



