ਲੁਧਿਆਣਾ: ਜ਼ਿਲ੍ਹੇ ਦੇ ਸੁਧਾਰ ਇਲਾਕੇ ਅਧੀਨ ਪੈਂਦੇ ਪਿੰਡ ਬੁਰਜ ਲਿੱਤਾਂ ਵਿਖੇ ਇੱਕ 25 ਸਾਲਾ ਗਰਭਵਤੀ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਤਿੰਨ ਮਹੀਨੇ ਦੀ ਗਰਭਵਤੀ ਸੀ। ਮਾਈਕੇ ਪਰਿਵਾਰ ਨੇ ਪਤੀ ‘ਤੇ ਘਰ ਵਿੱਚ ਕੁੱਟਮਾਰ ਕਰਨ ਅਤੇ ਗਲ ਘੁੱਟ ਕੇ ਕਤਲ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਤੀ ਜਸਪਤ ਸਿੰਘ ਅਤੇ ਦਾਦਾ ਜੋਗਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਘਰੇਲੂ ਵਿਵਾਦ ਅਤੇ ਨਸ਼ੇ ਦੀ ਲਤ ਕਾਰਨ ਚੱਲ ਰਿਹਾ ਸੀ ਵਿਵਾਦ
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਹਰਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਘਰੇਲੂ ਕਲੇਸ਼ ਕਾਰਨ ਕਾਫ਼ੀ ਪ੍ਰੇਸ਼ਾਨ ਚੱਲ ਰਹੀ ਸੀ। ਇਸੇ ਕਾਰਨ ਉਹ ਆਪਣੇ ਪੇਕੇ ਪਿੰਡ ਘੂੰਘਰਾਣਾ ਚਲੀ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਬੀਤੇ ਐਤਵਾਰ ਨੂੰ ਹੀ ਉਸ ਦਾ ਪਤੀ ਜਸਪਤ ਉਸ ਨੂੰ ਨਸ਼ਾ ਛੱਡਣ ਦਾ ਭਰੋਸਾ ਦੇ ਕੇ ਵਾਪਸ ਆਪਣੇ ਘਰ ਲੈ ਕੇ ਆਇਆ ਸੀ।
ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਘਰ ਪਹੁੰਚਿਆ ਪਤੀ
ਪੇਕੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸੋਮਵਾਰ ਰਾਤ ਨੂੰ ਜਸਪਤ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਅਤੇ ਹਰਪ੍ਰੀਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਰਿਵਾਰ ਦਾ ਦਾਅਵਾ ਹੈ ਕਿ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ, ਜਿਸ ਨਾਲ ਉਸ ਦੇ ਗਰਭ ਵਿੱਚ ਪਲ ਰਹੇ ਮਾਸੂਮ ਬੱਚੇ ਦੀ ਵੀ ਮੌਤ ਹੋ ਗਈ।
ਸਰੀਰ ‘ਤੇ ਮਿਲੇ ਸੱਟਾਂ ਦੇ ਨਿਸ਼ਾਨ
ਮ੍ਰਿਤਕਾ ਦੇ ਚਾਚਾ ਜੋਗਾ ਸਿੰਘ ਨੇ ਦੱਸਿਆ ਕਿ ਪਤੀ ਵੱਲੋਂ ਉਸ ਨੂੰ ਅਕਸਰ ਦਾਜ ਅਤੇ ਪੈਸਿਆਂ ਲਈ ਤੰਗ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਕਰੀਬ 12 ਵਜੇ ਉਨ੍ਹਾਂ ਦੀ ਬੇਟੀ ਨਾਲ ਕੁੱਟਮਾਰ ਕੀਤੀ ਗਈ ਅਤੇ ਰਾਤ 2 ਵਜੇ ਫ਼ੋਨ ਆਇਆ ਕਿ ਉਸ ਦੀ ਸਿਹਤ ਵਿਗੜ ਗਈ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਹਰਪ੍ਰੀਤ ਦੀ ਲਾਸ਼ ਮੰਜੇ ‘ਤੇ ਪਈ ਸੀ ਅਤੇ ਉਸ ਦੇ ਗਲੇ, ਪਿੱਠ ਅਤੇ ਪੈਰ ਦੇ ਅੰਗੂਠੇ ‘ਤੇ ਸੱਟਾਂ ਦੇ ਗੰਭੀਰ ਨਿਸ਼ਾਨ ਸਨ। ਪਰਿਵਾਰ ਨੇ ਸ਼ੱਕ ਪ੍ਰਗਟਾਇਆ ਕਿ ਇਸ ਮੌਤ ਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੁਲਿਸ ਦੀ ਕਾਰਵਾਈ ਜਾਰੀ
ਥਾਣਾ ਸੁਧਾਰ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਤੋਂ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Big incident in broad daylight: ਫਰੂਟ ਦੀ ਦੁਕਾਨ ਤੋਂ 14 ਹਜ਼ਾਰ ਰੁਪਏ ਭਰਿਆ ਬੈਗ ਚੋਰੀ, ਸੀਸੀਟੀਵੀ ਆਈ ਸਾਹਮਣੇ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


