ਜਲੰਧਰ : ਪੰਜਾਬ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਲਗਾਤਾਰ ਕੀਮਤੀ ਜਾਨਾਂ ਨਿਗਲ ਰਿਹਾ ਹੈ। ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਜਲੰਧਰ ਦੇ ਭੋਗਪੁਰ ਨੇੜੇ ਜੰਮੂ ਨੈਸ਼ਨਲ ਹਾਈਵੇਅ ‘ਤੇ ਵਾਪਰਿਆ, ਜਿੱਥੇ ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਦੋ ਸਾਲ ਦੇ ਮਾਸੂਮ ਬੱਚੇ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਖ਼ੌਫ਼ਨਾਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ।
ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਣ ਜਾ ਰਿਹਾ ਸੀ ਪਰਿਵਾਰ
ਮਿਲੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਆਪਣੇ 2 ਸਾਲ ਦੇ ਬੱਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਕਿਸ਼ਨਗੜ੍ਹ ਨੇੜੇ ਪਹੁੰਚੀ, ਤਾਂ ਤੇਜ਼ ਰਫ਼ਤਾਰ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦੀ ਹੋਈ ਦੂਜੇ ਪਾਸੇ ਤੋਂ ਆ ਰਹੀ ਕਾਰ ਨਾਲ ਸਿੱਧੀ ਜਾ ਟਕਰਾਈ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਫ਼ੌਜੀ ਜਵਾਨ, ਉਸਦੀ ਪਤਨੀ, 2 ਸਾਲ ਦਾ ਬੱਚਾ ਅਤੇ ਪਰਿਵਾਰ ਦੀ ਇੱਕ ਹੋਰ ਮਹਿਲਾ ਸ਼ਾਮਲ ਹੈ। ਖ਼ੁਸ਼ੀਆਂ-ਖੇੜਿਆਂ ਨਾਲ ਧਾਰਮਿਕ ਯਾਤਰਾ ‘ਤੇ ਨਿਕਲਿਆ ਪਰਿਵਾਰ ਪਲਾਂ ਵਿੱਚ ਹੀ ਤਬਾਹ ਹੋ ਗਿਆ।
ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ
ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਆਦਮਪੁਰ ਦੇ ਸਬ-ਇੰਸਪੈਕਟਰ ਰਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ।
ਪਰਿਵਾਰ ਵਿੱਚ ਪਸਰਿਆ ਮਾਤਮ
ਇਸ ਦਰਦਨਾਕ ਖ਼ਬਰ ਦੀ ਜਾਣਕਾਰੀ ਮਿਲਦਿਆਂ ਹੀ ਮ੍ਰਿਤਕਾਂ ਦੇ ਘਰ ਅਤੇ ਰਿਸ਼ਤੇਦਾਰਾਂ ਵਿੱਚ ਕੋਹਰਾਮ ਮਚ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



