PM ਮੋਦੀ ਦੀ ਫੇਰੀ ਤੋਂ ਪਹਿਲਾਂ ਮਿਲੀ ਧਮਕੀ ‘ਤੇ ਹੰਸ ਰਾਜ ਹੰਸ ਦਾ ਵੱਡਾ ਬਿਆਨ, ਕਿਹਾ- ‘ਪੰਜਾਬ ‘ਚ ਹਰ ਕੋਈ ਬੇਖ਼ੌਫ਼ ਹੋ ਕੇ ਆਵੇ’

ਜਲੰਧਰ: ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਅੱਜ ਜਲੰਧਰ ਪ੍ਰੈੱਸ ਕਲੱਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਰਾਜਨੀਤੀ…

ਜਲੰਧਰ: ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਅੱਜ ਜਲੰਧਰ ਪ੍ਰੈੱਸ ਕਲੱਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਰਾਜਨੀਤੀ ਤੋਂ ਦੂਰੀ ਬਣਾ ਕੇ ਆਪਣੇ ਸੰਗੀਤਕ ਸਫ਼ਰ ਬਾਰੇ ਗੱਲ ਕੀਤੀ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਮਿਲ ਰਹੀਆਂ ਧਮਕੀਆਂ ‘ਤੇ ਵੀ ਚਿੰਤਾ ਪ੍ਰਗਟਾਈ।

ਸਿਆਸਤ ਤੋਂ ਦੂਰੀ ਅਤੇ ਸੰਗੀਤ ਵੱਲ ਵਾਪਸੀ

ਚੰਡੀਗੜ੍ਹ ਨਗਰ ਨਿਗਮ ਚੋਣਾਂ ਅਤੇ ਭਾਜਪਾ ਦੇ ਨਵੇਂ ਮੇਅਰ ਸਬੰਧੀ ਪੁੱਛੇ ਗਏ ਸਵਾਲ ‘ਤੇ ਹੰਸ ਰਾਜ ਹੰਸ ਨੇ ਬੜੇ ਨਿਮਰਤਾ ਸਹਿਤ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਚੋਣਾਂ ਦੀ ਦੌੜ-ਭੱਜ ਤੋਂ ਦੂਰ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਚੋਣਾਂ ਹੋ ਰਹੀਆਂ ਹਨ। ਹੰਸ ਨੇ ਸਪੱਸ਼ਟ ਕੀਤਾ ਕਿ ਉਹ ਹੁਣ ਆਪਣਾ ਪੂਰਾ ਧਿਆਨ ਸਿਰਫ਼ ਰਿਆਜ਼ ਅਤੇ ਸੰਗੀਤ ‘ਤੇ ਕੇਂਦਰਿਤ ਕਰ ਰਹੇ ਹਨ।

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਸ਼੍ਰੀ ਗੁਰੂ ਰਵਿਦਾਸ ਜੀ ਦੀ 649ਵੀਂ ਜਯੰਤੀ ਦੇ ਮੌਕੇ ‘ਤੇ ਉਨ੍ਹਾਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਗੁਰੂ ਸਾਹਿਬ ਦੀ ਮਹਿਮਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਹਮੇਸ਼ਾ ਜਾਤ-ਪਾਤ ਦਾ ਖੰਡਨ ਕੀਤਾ ਅਤੇ ਗਰੀਬਾਂ ਦੇ ਮਸੀਹਾ ਬਣੇ। ਉਨ੍ਹਾਂ ‘ਬੇਗਮਪੁਰਾ’ ਸ਼ਬਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸੰਕਲਪ ਇੰਨਾ ਮਹਾਨ ਹੈ ਕਿ ਇਹ ‘ਨੈਸ਼ਨਲ ਐਂਥਮ’ (ਕੌਮੀ ਗਾਨ) ਬਣਨ ਦੇ ਯੋਗ ਹੈ।

ਸੁਰੱਖਿਆ ਚੁਣੌਤੀਆਂ ‘ਤੇ ਚਿੰਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਖ਼ਾਲਿਸਤਾਨੀ ਸੰਗਠਨਾਂ ਵੱਲੋਂ ਮਿਲੀਆਂ ਧਮਕੀਆਂ ‘ਤੇ ਬੋਲਦਿਆਂ ਹੰਸ ਰਾਜ ਹੰਸ ਨੇ ਕਿਹਾ, “ਦਾਤਾ ਰਹਿਮ ਕਰੇ, ਇਨ੍ਹਾਂ ਚੀਜ਼ਾਂ ਤੋਂ ਸਾਡੀ ਜਾਨ ਛੁੱਟਣੀ ਚਾਹੀਦੀ ਹੈ।” ਉਨ੍ਹਾਂ ਅਰਦਾਸ ਕੀਤੀ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਆਵੇ, ਉਹ ਬੇਖ਼ੌਫ਼ ਹੋ ਕੇ ਆਵੇ ਅਤੇ ਸੂਬੇ ਤੋਂ ਕਦੇ ਵੀ ਕੋਈ ਦੁਖਦਾਈ ਖ਼ਬਰ ਸੁਣਨ ਨੂੰ ਨਾ ਮਿਲੇ। ਚੰਡੀਗੜ੍ਹ ਦੇ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਨੂੰ ਵੀ ਉਨ੍ਹਾਂ ਨੇ ਇੱਕ ਗੰਭੀਰ ਮਸਲਾ ਦੱਸਿਆ।

PM ਮੋਦੀ ਨਾਲ ਮੁਲਾਕਾਤ ਬਾਰੇ ਦਿੱਤਾ ਦਿਲਚਸਪ ਜਵਾਬ

ਜਦੋਂ ਉਨ੍ਹਾਂ ਨੂੰ ਪੀ.ਐਮ. ਮੋਦੀ ਨਾਲ ਮੁਲਾਕਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ “ਬਾਦਸ਼ਾਹ ਨੂੰ ਬਾਦਸ਼ਾਹ ਦੀ ਮਰਜ਼ੀ ਨਾਲ ਹੀ ਮਿਲਿਆ ਜਾ ਸਕਦਾ ਹੈ।” ਉਨ੍ਹਾਂ ਮੁੜ ਦੁਹਰਾਇਆ ਕਿ ਫਿਲਹਾਲ ਉਹ ਸਿਆਸੀ ਮੁਲਾਕਾਤਾਂ ਦੀ ਬਜਾਏ ਆਪਣੇ ਰਿਆਜ਼ ਨੂੰ ਹੀ ਤਰਜੀਹ ਦੇ ਰਹੇ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

ਬੱਚੀ ਨਾਲ ਦਵਾਈ ਲੈਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਬੱਸ ਦੀ ਟੱਕਰ ਕਾਰਨ ਮਹਿਲਾ ਦੀ ਮੌਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

 

Leave a Reply

Your email address will not be published. Required fields are marked *