ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਅੱਜ ਐਤਵਾਰ ਨੂੰ ਸਿਹਤ ਮੰਤਰਾਲੇ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਮੁਤਾਬਕ ਬਾਹਰਲੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ। ਇਹ ਯਾਤਰੀ 7 ਦਿਨ ਸਰਕਾਰ ਦੁਆਰਾ ਤੈਅ ਕੀਤੇ ਸੈਂਟਰ ਅਤੇ 7 ਦਿਨ ਹੋਮ ਆਈਸੋਲੇਸ਼ਨ ਵਿਚ ਰਹਿਣਗੇ। ਇਸ ਤੋਂ ਇਲਾਵਾ ਸਰਕਾਰ ਦੁਆਰਾ ਤੈਅ ਕੀਤੇ ਕੁਆਰੰਟੀਨ ਸੈਂਟਰ ਦਾ ਖਰਚਾ ਵੀ ਉਨ੍ਹਾਂ ਨੂੰ ਖੁਦ ਹੀ ਚੁੱਕਣਾ ਪਵੇਗਾ।
Ministry of Health and Family Welfare issues guidelines for international arrivals: 14-day mandatory quarantine- 7 days institutional quarantine at own cost followed by 7 days of home isolation pic.twitter.com/RWGataVm1m
— ANI (@ANI) May 24, 2020
ਦਿਸ਼ਾ ਨਿਰਦੇਸ਼ਾ ਅਨੁਸਾਰ ਪਲੇਨ ਵਿਚ ਬੈਠਣ ਤੋਂ ਪਹਿਲਾਂ ਯਾਤਰੀ ਨੂੰ ਇਹ ਲਿਖ ਕੇ ਦੇਣਾ ਹੋਵੇਗਾ ਕਿ ਉਹ 14 ਦਿਨ ਕੁਆਰੰਟੀਨ ਵਿਚ ਰਹਿਣ ਲਈ ਰਾਜ਼ੀ ਹੈ।ਗੰਭੀਰ ਰੂਪ ਨਾਲ ਬੀਮਾਰ, ਗਰਭਵਤੀ, 10 ਸਾਲ ਤੋਂ ਛੋਟੇ ਬੱਚਿਆਂ ਨੂੰ ਮਾਪਿਆਂ ਦੇ ਨਾਲ 14 ਦਿਨਾਂ ਲਈ ਕੁੱਝ ਸ਼ਰਤਾਂ ਨਾਲ ਹੋਮ ਕੁਆਰੰਟੀਨ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ ਪਰ ਅਜਿਹੇ ਲੋਕਾਂ ਕੋਲ ਅਰੋਗਿਆ ਸੇਤੂ ਐਪ ਹੋਣਾ ਜਰੂਰੀ ਹੋਵੇਗਾ। ਕੋਰੋਨਾ ਪਾਜ਼ੀਟਿਵ ਜਾਂ ਕੋਰੋਨਾ ਦੇ ਲੱਛਣਾਂ ਵਾਲੇ ਯਾਤਰੀਆਂ ਨੂੰ ਫਲਾਇਟ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਹਰ ਫਲਾਇਟ ਜਾਂ ਸ਼ਿਪ ਵਿਚ ਚੜਨ ਦੌਰਾਨ ਹਰ ਵਿਅਕਤੀ ਦੀ ਥਰਮਲ ਸਕਰੀਨਿੰਗ ਹੋਵੇਗੀ। ਸੜਕਾਂ ਰਾਹੀਂ ਦੇਸ਼ ਵਿਚ ਦਾਖਲ ਹੋਣ ਵਾਲੇ ਲੋਕਾਂ ਉੱਤੇ ਵੀ ਇਹ ਸ਼ਰਤਾਂ ਲਾਗੂ ਹੋਣਗੀਆਂ। ਹਰ ਯਾਤਰੀ ਨੂੰ ਫੋਨ ਵਿਚ ਅਰੋਗਿਆ ਸੇਤੂ ਐਪ ਜ਼ਰੂਰ ਡਾਊਨਲੋਡ ਕਰਨਾ ਹੋਵੇਗਾ। ਦੇਸ਼ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਹੋਵੇਗੀ ਅਤੇ ਲੱਛਣ ਵਿਖਾਈ ਦੇਣ ਤੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਜਾਵੇਗਾ। ਘੱਟ ਲੱਛਣਾਂ ਵਾਲਿਆਂ ਨੂੰ ਕੁਆਰੰਟੀਨ ਸੈਂਟਰ ਅਤੇ ਜ਼ਿਆਦਾ ਲੱਛਣਾਂ ਵਾਲਿਆਂ ਨੂੰ ਕੋਰੋਨਾ ਦੇ ਸਪੈਸ਼ਲ ਵਾਰਡ ਵਿਚ ਭਰਤੀ ਕੀਤਾ ਜਾਵੇਗਾ। ਬਾਕੀ ਬਚੇ ਯਾਤਰੀਆਂ ਨੂੰ ਸੂਬਾ ਤੇ ਕੇਂਦਰ ਸਾਸ਼ਿਤ ਪ੍ਰਦੇਸ਼ ਕੁਆਰੰਟੀਨ ਸੈਂਟਰ ਭੇਜਣਗੇ। ਸੂਬਾ ਸਰਕਾਰਾਂ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਗਾਇਡਲਾਈਨਾਂ ਤਿਆਰ ਕਰ ਸਕਦੀਆਂ ਹਨ।
