ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀ ਪੁਲਿਸ ਵੱਲੋਂ ਲਗਾਤਾਰ ਨਸ਼ਾ ਤੇ ਗੈਂਗਸਟਰਾਂ ਤੇ ਸ਼ਿਕੰਜ਼ਾ ਕੱਸਿਆ ਜਾ ਰਿਹਾ ਹੈ। ਇਸਦੇ ਚੱਲਦੇ ਪੰਜਾਬ ਪੁਲਿਸ ਦੇ ਹੱਥ ਤੇ ਇਕ ਵੱਡੀ ਕਾਮਯਾਬੀ ਲੱਗੀ ਹੈ। ਦਸ ਦਈਏ ਕਿ ਤਰਨਤਾਰਨ ਚ ਪੰਜਾਬ ਪੁਲਿਸ ਨੇ ਹੈਰੋਇਨ ਸਮੇਤ ਦੋ ਗੈਂਗਸਟਰ ਕਾਬੂ ਕੀਤੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਗੋਹਲਵੜ ਲਾਗੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਹਨਾਂ ਨੇ ਇਕ ਕਾਰ ਨੂੰ 400 ਗ੍ਰਾਮ ਹੈਰੋਇਨ ਸਮੇਤ ਦਬੋਚਿਆ।
ਨਾਲ ਹੀ ਦੋ ਲੋਕਾਂ ਨੂੰ ਕਾਬੂ ਕਰ ਲਿਆ। ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜੋ ਕਿ ਖੁੰਖਾਰ ਗੈਂਗਸਟਰ ਸੋਨੂੰ ਕੰਗਲਾ ਦਾ ਕਰੀਬੀ ਸਾਥੀ ਹਨ। ਕਾਬਿਲੇਗੌਰ ਹੈ ਕਿ ਗੈਂਗਸਟਰ ਸੋਨੂੰ ਕੰਗਲਾ ਜੇਲ੍ਹ ਚ ਬੰਦ ਹੈ। ਪਰ ਉਸਦੇ ਸਾਥੀ ਕਈ ਇਲਾਕੇ ਚ ਸਰਗਰਮ ਹੋਏ ਪਏ ਹਨ।
ਪਰ ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਇਹਨਾਂ ਗੈਂਗਸਟਰਾਂ ਤੇ ਕਾਬੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਗੈਂਗਸਟਰਾਂ ਨੇ ਡਰੱਗ ਮਨੀ ਤੋਂ ਕਾਰ ਖਰੀਦੀ ਹੈ। ਫਿਲਹਾਲ ਪੁਲਿਸ ਨੇ ਇਹਨਾਂ ਗੈਂਗਸਟਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


