ਮੈਣ ਮਾਜਰੀ: ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋ ਕੇ ਪਰਤ ਰਹੇ ਪਿੰਡ ਮੈਣ ਮਾਜਰੀ ਦੇ ਸ਼ਰਧਾਲੂਆਂ ਨਾਲ ਵਾਪਰੇ ਭਿਆਨਕ ਬੱਸ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਅੱਠ ਸ਼ਰਧਾਲੂਆਂ ਵਿੱਚੋਂ ਛੇ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਦਾ ਅੱਜ ਪਿੰਡ ਮੈਣ ਮਾਜਰੀ ਵਿਖੇ ਇੱਕੋ ਸਮੇਂ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦ੍ਰਿਸ਼ ਨੇ ਹਰ ਕਿਸੇ ਦੀ ਰੂਹ ਕੰਬਾ ਦਿੱਤੀ ਅਤੇ ਪੂਰਾ ਪਿੰਡ ਵੈਣਾਂ ਤੇ ਹਉਕਿਆਂ ਵਿੱਚ ਡੁੱਬ ਗਿਆ।
ਖ਼ੁਸ਼ੀਆਂ ਦੇ ਮਾਹੌਲ ‘ਚ ਪਏ ਕੀਰਨੇ
ਵਿਸਾਖੀ ਦੇ ਤਿਉਹਾਰ ਮੌਕੇ ਗੁਰੂ ਘਰ ਮੱਥਾ ਟੇਕ ਕੇ ਪਰਤ ਰਹੀ ਸੰਗਤ ਦੀ ਬੱਸ ਪਲਟਣ ਕਾਰਨ ਇਹ ਕਹਿਰ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ ਕਈ ਕੀਮਤੀ ਜਾਨਾਂ ਚਲੀਆਂ ਗਈਆਂ। ਪਿੰਡ ਮੈਣ ਮਾਜਰੀ ਵਿੱਚ ਜਿੱਥੇ ਵਿਸਾਖੀ ਦੀਆਂ ਰੌਣਕਾਂ ਹੋਣੀਆਂ ਸਨ, ਉੱਥੇ ਅੱਜ ਸਿਰਫ਼ ਸੋਗ ਦੀ ਲਹਿਰ ਹੈ। ਇੱਕੋ ਸਮੇਂ ਉੱਠੀਆਂ ਛੇ ਅਰਥੀਆਂ ਨੂੰ ਦੇਖ ਕੇ ਪੱਥਰ ਦਿਲ ਵੀ ਪਿਘਲ ਗਏ। ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸਿਆਸੀ ਸ਼ਖ਼ਸੀਅਤਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ।
ਕਈ ਸ਼ਰਧਾਲੂ ਅਜੇ ਵੀ PGI ਵਿੱਚ ਜ਼ੇਰੇ ਇਲਾਜ
ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਜਿੱਥੇ ਅੱਠ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ ਕਈ ਹੋਰ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜੋ ਇਸ ਵੇਲੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਪਿੰਡ ਵਾਸੀਆਂ ਵੱਲੋਂ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
ਪੂਰੇ ਇਲਾਕੇ ਵਿੱਚ ਫੈਲੀ ਸੋਗ ਦੀ ਲਹਿਰ
ਇਸ ਮੰਦਭਾਗੀ ਘਟਨਾ ਕਾਰਨ ਸਿਰਫ਼ ਮੈਣ ਮਾਜਰੀ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿੱਚ ਮਾਤਮ ਪਸਰਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਦਰਦਨਾਕ ਮੰਜ਼ਰ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਪੀੜਤ ਪਰਿਵਾਰਾਂ ਦੀ ਮਦਦ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦੀ ਮੰਗ ਵੀ ਕੀਤੀ ਜਾ ਰਹੀ ਹੈ।



