ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਸੰਖਿਆਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਹਰ ਨਵੇ ਦਿਨ ਇਸ ਵਾਇਰਸ ਦੇ ਕੇਸ ਦੀ ਪੁਸ਼ਟੀ ਹੋ ਰਹੀ ਹੈ ਜਿਸ ਕਰਕੇ ਕੋਰੋਨਾ ਵਾਇਰਸ ਦੀ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 75 ਤੱਕ ਪਹੁੰਚ ਗਈ ਹੈ ਅਤੇ ਇਸ ਤੋਂ ਵੀ ਵੱਡੀ ਖਬਰ ਇਹ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਇਕ ਵਿਅਕਤੀ ਨੇ ਆਪਣੀ ਜਾਨ ਗਵਾ ਲਈ ਹੈ।
ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੋਈ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਰਨਾਟਕਾ ਵਿਚ ਕੋਰੋਨਾ ਵਾਇਰਸ ਦੀ ਲਾਗ ਵਾਲੇ ਬਜ਼ੁਰਗ ਮਰੀਜ਼ ਦੀ ਮੌਤ ਹੋਈ ਹੈ ਜਿਸ ਦੀ ਉੱਮਰ 76 ਸਾਲ ਦੱਸੀ ਜਾ ਰਹੀ ਹੈ ਅਤੇ ਇਹ ਕੁੱਝ ਸਮਾਂ ਪਹਿਲਾਂ ਸਾਊਦੀ ਅਰਬ ਤੋਂ ਭਾਰਤ ਵਾਪਸ ਪਰਤਿਆ ਸੀ।
ਰਿਪੋਰਟਾਂ ਅਨੁਸਾਰ ਇਹ ਵਿਅਕਤੀ ਧਾਰਮਿਕ ਯਾਤਰਾ ਲਈ 29 ਜਨਵਰੀ ਨੂੰ ਸਾਊਦੀ ਅਰਬ ਗਿਆ ਸੀ ਅਤੇ ਪਿਛਲੇ ਮਹੀਨੇ 29 ਫਰਵਰੀ ਨੂੰ ਯਾਤਰਾ ਕਰਕੇ ਭਾਰਤ ਵਾਪਸ ਪਰਤਿਆ ਸੀ ਜਿਸ ਤੋਂ ਬਾਅਦ ਇਸ ਨੂੰ ਸਾਂਹ ਲੈਣ ਵਿਚ ਪਰੇਸ਼ਾਨੀ, ਖਾਂਸੀ ਅਤੇ ਜੁਖਾਮ ਦੀ ਪਰੇਸ਼ਾਨੀ ਆਈ ਅਤੇ ਇਕ ਡਾਕਟਰ ਨੇ ਬਜ਼ੁਰਗ ਦਾ ਘਰ ਵਿਚ ਹੀ ਇਲਾਜ ਕੀਤਾ ਪਰ ਸਿਹਤ ਵਿਗੜਨ ਉੱਤੇ ਉਸ ਨੂੰ ਕਰਨਾਟਕ ਦੇ ਕੁਲਬਰਗੀ ਜਿਲ੍ਹੇ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਵਿਚ ਕੋਰੋਨਾ ਦੇ ਲੱਛਣ ਪਾਏ ਅਤੇ ਖੂਨ ਦੇ ਸੈਂਪਲ ਲੈ ਕੇ ਬੈਂਗਲੁਰੂ ਲੈਬ ਵਿਚ ਟੈਸਟ ਕਰਵਾਉਣ ਲਈ ਭੇਜ ਦਿੱਤੇ ਨਾਲ ਹੀ ਮਰੀਜ਼ ਨੂੰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਤੇ ਹਸਪਤਾਲ (ਜੀਆਈਐਮਐਸ) ਵਿਚ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਪਰ ਜਾਂਚ ਰਿਪੋਰਟ ਆਉਣ ਅਤੇ ਦੂਜੇ ਹਸਪਤਾਲ ਵਿਚ ਭਰਤੀ ਕਰਵਾਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਰਿਪੋਰਟਾਂ ਦੀ ਮੰਨੀਏ ਤਾਂ ਹੁਣ ਮ੍ਰਿਤਕ ਬਜ਼ੁਰਗ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦਾ ਮਹਾਮਾਰੀ ਫੈਲਣ ਤੋਂ ਪਹਿਲਾਂ ਹੀ ਇਸ ਦੀ ਲਾਗ ਵਾਲੇ ਮਰੀਜ਼ਾਂ ਦਾ ਪਤਾ ਲਗਾਇਆ ਜਾ ਸਕੇ।


