ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਬੇਹੱਦ ਸੰਵੇਦਨਸ਼ੀਲ ਅਤੇ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 8 ਸਾਲਾ ਮਾਸੂਮ ਬੱਚਾ ‘ਹੰਟਰ ਡਿਜ਼ੀਜ਼’ ਨਾਮਕ ਖ਼ਤਰਨਾਕ ਅਤੇ ਦੁਰਲੱਭ ਜੈਨੇਟਿਕ ਬਿਮਾਰੀ ਦੀ ਲਪੇਟ ਵਿੱਚ ਪਾਇਆ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਬਿਮਾਰੀ ਦਾ ਇਹ ਆਪਣੇ ਕਿਸਮ ਦਾ ਪਹਿਲਾ ਕੇਸ ਹੈ। ਰਾਹਤ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੀ ‘ਨੈਸ਼ਨਲ ਪਾਲਿਸੀ ਫਾਰ ਰੇਅਰ ਡਿਜ਼ੀਜ਼’ ਤਹਿਤ ਇਸ ਬੱਚੇ ਦੇ ਇਲਾਜ ਦਾ ਸਾਰਾ ਮਹਿੰਗਾ ਖ਼ਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ ਅਤੇ ਇਸ ਦਾ ਇਲਾਜ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਚ ਕੀਤਾ ਜਾਵੇਗਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਰਬਨ ਹਸਪਤਾਲ ਗੁਰਦਾਸਪੁਰ ਦੇ ਬੱਚਿਆਂ ਦੇ ਮਾਹਿਰ ਡਾ. ਵਿਕਾਸ ਮਿਨਹਾਸ ਨੇ ਦੱਸਿਆ ਕਿ ਬੀਤੇ ਮਈ ਮਹੀਨੇ ਵਿੱਚ ਉਕਤ ਬੱਚੇ ਦੀ ਮਾਂ ਉਸ ਨੂੰ ਨੱਕ ਵਿੱਚੋਂ ਖ਼ੂਨ ਆਉਣ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਆਈ ਸੀ। ਡਾਕਟਰ ਨੇ ਬੱਚੇ ਦੀ ਸਰੀਰਕ ਬਣਤਰ ਨੂੰ ਗਹੁ ਨਾਲ ਦੇਖਿਆ—ਜਿਸ ਵਿੱਚ ਚਿਹਰਾ ਭਾਰੀ, ਮੱਥਾ ਵੱਡਾ, ਨੱਕ ਚਪਟੀ, ਬੁੱਲ੍ਹ ਮੋਟੇ ਅਤੇ ਜੀਭ ਆਮ ਨਾਲੋਂ ਵੱਡੀ ਸੀ—ਤਾਂ ਉਨ੍ਹਾਂ ਨੂੰ ਇਸ ਦੁਰਲੱਭ ਬਿਮਾਰੀ ਦਾ ਸ਼ੱਕ ਹੋਇਆ। ਰੀੜ੍ਹ ਦੀ ਹੱਡੀ ਦੇ ਐਕਸ-ਰੇ ਅਤੇ ਮੁੱਢਲੇ ਟੈਸਟਾਂ ਤੋਂ ਬਾਅਦ ਬੱਚੇ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ, ਜਿੱਥੇ ਡਾ. ਅਨੁਪ੍ਰਿਆ ਦੀ ਨਿਗਰਾਨੀ ਹատ ਹੋਏ ਫ਼ਾਈਨਲ ਟੈਸਟਾਂ ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋ ਗਈ।
ਡਾ. ਵਿਕਾਸ ਮਿਨਹਾਸ ਨੇ ਦੱਸਿਆ ਕਿ ਇਹ ਇੱਕ ਜੈਨੇਟਿਕ ਬਿਮਾਰੀ ਹੈ ਜੋ ਜ਼ਿਆਦਾਤਰ ਮੁੰਡਿਆਂ ਵਿੱਚ ਪਾਈ ਜਾਂਦੀ ਹੈ। ਵਿਸ਼ਵ ਪੱਧਰੀ ਅੰਕੜਿਆਂ ਮੁਤਾਬਕ ਕਰੀਬ 1.75 ਲੱਖ ਨਵਜੰਮੇ ਬੱਚਿਆਂ ਵਿੱਚੋਂ ਇੱਕ ਨੂੰ ਇਹ ਸਮੱਸਿਆ ਹੁੰਦੀ ਹੈ। ਇਸ ਬਿਮਾਰੀ ਕਾਰਨ ਜੋੜਾਂ ਵਿੱਚ ਅਕੜਾਅ, ਸਾਹ ਦੀ ਨਲੀ ਵਿੱਚ ਇਨਫੈਕਸ਼ਨ, ਸੁਣਨ ਵਿੱਚ ਦਿੱਕਤ ਅਤੇ ਸਰੀਰਕ ਤੇ ਮਾਨਸਿਕ ਵਿਕਾਸ ਦਾ ਹੌਲੀ ਹੋਣਾ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਪੀ.ਜੀ.ਆਈ. ਵੱਲੋਂ 7 ਸਤੰਬਰ ਨੂੰ ਬੱਚੇ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਸਰੀਰ ਵਿੱਚ ਘੱਟ ਰਹੇ ਜ਼ਰੂਰੀ ਜੈਨੇਟਿਕ ਐਂਜ਼ਾਈਮ ਨੂੰ ਇੰਜੈਕਸ਼ਨ ਰਾਹੀਂ ਦਿੱਤਾ ਜਾਵੇਗਾ। ਬੱਚੇ ਦੀ ਉਮਰ 8 ਸਾਲ ਅਤੇ ਵਜ਼ਨ 28 ਕਿਲੋਗ੍ਰਾਮ ਹੋਣ ਕਾਰਨ ਇਸ ਇਲਾਜ ‘ਤੇ ਹਰ ਸਾਲ ਲਗਭਗ 3 ਕਰੋੜ ਰੁਪਏ ਦਾ ਭਾਰੀ ਖ਼ਰਚਾ ਆਵੇਗਾ, ਜਿਸ ਦੀ ਪੂਰਤੀ ਕੇਂਦਰ ਸਰਕਾਰ ਦੀ ਵਿਸ਼ੇਸ਼ ਨੀਤੀ ਤਹਿਤ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



