Firing incident: ਦੋ ਮਹੀਨਿਆਂ ਦੀ ਮੌਤ ਨਾਲ ਜੰਗ ਹਾਰਿਆ ‘ਹਨੀ ਬਲ’, PGI ਵਿੱਚ ਤੋੜਿਆ ਦਮ

ਬੰਗਾ: 17 ਨਵੰਬਰ ਨੂੰ ਬੰਗਾ ਵਿੱਚ ਹੋਏ ਭਿਆਨਕ ਗੋਲੀਕਾਂਡ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਇਸ ਖੂਨੀ ਵਾਰਦਾਤ ਦਾ ਸ਼ਿਕਾਰ ਹੋਏ ਨੌਜਵਾਨ…

ਬੰਗਾ: 17 ਨਵੰਬਰ ਨੂੰ ਬੰਗਾ ਵਿੱਚ ਹੋਏ ਭਿਆਨਕ ਗੋਲੀਕਾਂਡ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਇਸ ਖੂਨੀ ਵਾਰਦਾਤ ਦਾ ਸ਼ਿਕਾਰ ਹੋਏ ਨੌਜਵਾਨ ਹਨੀ ਬਲ ਦੀ ਕਰੀਬ ਦੋ ਮਹੀਨਿਆਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਚੱਲੀ ਜੰਗ ਅਖੀਰ ਖਤਮ ਹੋ ਗਈ। ਚੰਡੀਗੜ੍ਹ ਦੇ ਪੀ.ਜੀ.ਆਈ. (PGI) ਹਸਪਤਾਲ ਵਿੱਚ ਇਲਾਜ ਦੌਰਾਨ ਹਨੀ ਬਲ ਨੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਭਾਰੀ ਪੁਲਿਸ ਸੁਰੱਖਿਆ ਹੇਠ ਹੋਇਆ ਅੰਤਿਮ ਸਸਕਾਰ

ਹਨੀ ਬਲ ਦੀ ਮੌਤ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਸੀ। ਅੱਜ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹਨੀ ਬਲ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਗੋਲੀਕਾਂਡ ਵਿੱਚ 5 ਨੌਜਵਾਨ ਗੰਭੀਰ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚੋਂ ਰਿੰਪਲ ਨਾਮਕ ਨੌਜਵਾਨ ਦੀ ਡੀ.ਐਮ.ਸੀ. (DMC) ਲੁਧਿਆਣਾ ਵਿੱਚ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਨੀ ਬਲ ਨੂੰ 10 ਤੋਂ 12 ਗੋਲੀਆਂ ਲੱਗੀਆਂ ਸਨ, ਜਿਸ ਕਾਰਨ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ।

ਪਰਿਵਾਰ ਦੇ ਗੰਭੀਰ ਇਲਜ਼ਾਮ

ਹਨੀ ਬਲ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਮਾਂ ਅਤੇ ਛੋਟੇ ਭਰਾ ਬੱਬੂ ਮਾਨ ਨੇ ਬੰਗਾ ਪੁਲਿਸ ਅਤੇ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਰਾਣਾ ਬਲਾਚੌਰੀਆ ਕਤਲ ਕਾਂਡ ਦੇ ਮੁਲਜ਼ਮਾਂ ਖਿਲਾਫ ਤਾਂ ਸਖ਼ਤ ਕਾਰਵਾਈ ਕੀਤੀ ਗਈ, ਪਰ ਬੰਗਾ ਗੋਲੀਕਾਂਡ ਦੇ ਦੋਸ਼ੀ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ।

ਲਾਇਸੰਸੀ ਹਥਿਆਰਾਂ ਅਤੇ ਰਿਸ਼ਵਤਖੋਰੀ ਤੇ ਉੱਠੇ ਸਵਾਲ

ਮ੍ਰਿਤਕ ਦੇ ਭਰਾ ਨੇ ਪ੍ਰਸ਼ਾਸਨ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੁਲਜ਼ਮ ਅਜੇ ‘ਤੇ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ, ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਹਥਿਆਰ ਦਾ ਲਾਇਸੰਸ ਕਿਵੇਂ ਜਾਰੀ ਕਰ ਦਿੱਤਾ? ਹਨੀ ਦੀ ਮਾਂ ਨੇ ਭਰੇ ਮਨ ਨਾਲ ਪੁਲਿਸ ‘ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਲਾਜ ‘ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਪਰ ਫਿਰ ਵੀ ਉਨ੍ਹਾਂ ਦਾ ਪੁੱਤ ਨਹੀਂ ਬਚ ਸਕਿਆ। ਉਨ੍ਹਾਂ ਮੰਗ ਕੀਤੀ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/a-speeding-car-hit-a-young-man-riding-a-scooty-19-year-old-harjot-singh-died-tragically/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

 

Leave a Reply

Your email address will not be published. Required fields are marked *