ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਕ ਵੱਡਾ ਸਦਮਾ ਲੱਗਿਆ ਹੈ। ਦਰਅਸਲ ਵੀਰਵਾਰ ਦੇਰ ਰਾਤ ਉਨ੍ਹਾਂ ਦੇ ਪਿਤਾ ਗੁਰਦਾਸ ਬਾਦਲ ਜੋ ਕਿ ਪਿਛਲੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ, ਦਾ ਦੇਹਾਂਤ ਹੋ ਗਿਆ ਹੈ ਜਿਨ੍ਹਾਂ ਦਾ ਅੱਜ ਮੁਕਤਸਰ ਸਾਹਿਬ ਜਿਲ੍ਹੇ ਦੇ ਜੱਦੀ ਪਿੰਡ ਬਾਦਲ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦਰਅਸਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਤੇ ਛੋਟੇ ਭਰਾ ਗੁਰਦਾਸ ਬਾਦਲ ਪਿਛਲੇ ਕੁੱਝ ਸਮੇਂ ਤੋਂ ਮੁਹਾਲੀ ਦੇ ਫੋਰਟੀਸ ਹਸਪਤਾਲ ਵਿਚ ਦਾਖਲ ਸਨ।ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ ਮਸ਼ੀਨ ਉੱਤੇ ਰੱਖਿਆ ਹੋਇਆ ਸੀ ਅਤੇ ਬੀਤੀ ਰਾਤ 11 ਵਜੇ ਉਨ੍ਹਾਂ ਨੇ ਆਪਣੇ ਆਖਰੀ ਸਾਂਹ ਲਏ। ਗੁਰਦਾਸ ਬਾਦਲ ਦੇ ਦੇਹਾਂਤ ਦੀ ਜਾਣਕਾਰੀ ਮਨਪ੍ਰੀਤ ਬਾਦਲ ਨੇ ਵੀਡੀਓ ਜਾਰੀ ਕਰਕੇ ਦਿੱਤੀ ਹੈ ਅਤੇ ਕੋਰੋਨਾ ਮਹਾਮਾਰੀ ਦੇ ਚੱਲਦੇ ਉਨ੍ਹਾਂ ਨੇ ਲੋਕਾਂ ਨੂੰ ਅੰਤਿਮ ਸੰਸਕਾਰ ਵਿਚ ਸ਼ਾਮਲ ਨਾ ਹੋਣ ਦੀ ਵੀ ਅਪੀਲ ਕੀਤੀ ਹੈ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਰਦਾਸ ਬਾਦਲ ਦੇ ਦੇਹਾਂਤ ਉੱਤੇ ਦੁੱਖ ਜਤਾਉਂਦਿਆ ਕਿਹਾ ਹੈ ਕਿ ”ਅਸੀ ਸਾਰੇ ਮਨਪ੍ਰੀਤ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਥਾਂ ਦੇਵੇ”। ਦੱਸ ਦਈਏ ਕਿ ਬੀਤੀ 19 ਮਾਰਚ ਨੂੰ ਮਨਪ੍ਰੀਤ ਬਾਦਲ ਦੀ ਮਾਂ ਬੀਬੀ ਹਰਮਿੰਦਰ ਕੌਰ ਦਾ ਵੀ ਦੇਹਾਂਤ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਗੁਰਦਾਸ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸਕੇ ਭਰਾ ਸਨ ਤੇ ਦੋਵੇ ਭਰਾਵਾਂ ਦੀ ਜੋੜੀ ਆਪਣੇ ਇਲਾਕੇ ਵਿਚ ਪਾਸ਼(ਪ੍ਰਕਾਸ਼) ਅਤੇ ਦਾਸ(ਗੁਰਦਾਸ) ਦੇ ਨਾਮ ਨਾਲ ਬਹੁਤ ਮਸ਼ਹੂਰ ਸੀ।

