Poonch Terrorist Attack: ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ। ਮੋਗਾ ਦੇ ਜਵਾਨ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਚੜਿੱਕ ਵਿਖੇ ਪੁੱਜੀ, ਜਿੱਥੇ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। । ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪਿੰਡ ਪਹੁੰਚ ਚੁੱਕੇ ਹਨ। ਮੋਗਾ ਦੇ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਸਨ। ਸ਼ਹੀਦ ਬਲਦੇਵ ਸਿੰਘ ਦੀ ਨੌਕਰੀ ਉਨ੍ਹਾਂ ਦੇ ਪੁੱਤਰ ਕੁਲਵੰਤ ਸਿੰਘ ਨੂੰ ਦਿੱਤੀ ਗਈ। ਉਹ 14 ਸਾਲ ਪਹਿਲਾਂ ਨੌਕਰੀ ਜੁਆਇਨ ਕੀਤਾ ਸੀ। ਕੁਲਵੰਤ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਕੁਲਵੰਤ ਇੱਕ ਮਹੀਨਾ ਪਹਿਲਾਂ ਛੁੱਟੀ ‘ਤੇ ਗਿਆ ਸੀ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ 49 ਆਰਆਰ ਦੇ ਜਵਾਨ ਹਰਕ੍ਰਿਸ਼ਨ ਸਿੰਘ ਦੀ ਦੇਹ ਪਿੰਡ ਪੁੱਜ ਗਈ ਹੈ। ਸ਼ਹੀਦ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਦੀ ਰਾਤ ਨੂੰ 11 ਵਜੇ ਪਿੰਡ ਪੁੱਜੀ।ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ‘ਅਮਰ ਰਹੇ ਅਮਰ ਰਹੇ” ਦੇ ਨਾਅਰਿਆਂ ਨਾਲ ਸ਼ਹੀਦ ਨੂੰ ਨਮਨ ਕੀਤਾ। ਸ਼ਹੀਦ ਸੈਨਿਕ ਪਰਿਵਾਰ ਭਲਾਈ ਸੰਸਥਾ ਦੇ ਆਗੂ ਕੁੰਵਰ ਵਿੱਕੀ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 48 ਆਰਆਰ ਦੇ ਸੂਬੇਦਾਰ ਸੁਖਜਿੰਦਰ ਸਿੰਘ, ਹਵਲਦਾਰ ਜਸਵਿੰਦਰ ਸਿੰਘ, ਸਿਪਾਹੀ ਹਰਜੀਤ ਸਿੰਘ ਮਨਜਿੰਦਰ ਦੇ ਅਧਿਕਾਰੀਆਂ ਵੱਲੋਂ ਅੰਤਿਮ ਰਸਮਾਂ ਨਿਭਾਈਆਂ।
ਬਠਿੰਡਾ ਦੇ ਪਿੰਡ ਬਾਘਾ ਦਾ ਸ਼ਹੀਦ ਸੇਵਕ ਸਿੰਘ ਦਾ ਅੰਤਿਮ ਸਸਕਾਰ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਦੱਸ ਦਈਏ ਕਿ ਸ਼ਹੀਦ ਸੇਵਕ ਸਿੰਘ 5 ਸਾਲ ਪਹਿਲਾਂ 2018 ਵਿੱਚ ਭਾਰਤੀ ਫੌਜ ਦਾ ਭਰਤੀ ਹੋਕੇ ਹਿੱਸਾ ਬਣਿਆ ਸੀ। ਸ਼ਹਾਦਤ ਦਾ ਜਾਮ ਪੀਣ ਵਾਲਾ ਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਮੁਤਾਬਿਕ ਸ਼ਹੀਦ ਹੋਣਾ ਵਾਲਾ ਫ਼ੌਜੀ 20 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਮੁੜਿਆ ਸੀ। ਸ਼ਹੀਦ ਦੇ ਅੰਤਿਮ ਸਸਕਾਰ ਵਿੱਚ ਜਿੱਥੇ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਸ਼ਿਰਕਤ ਕੀਤੀ ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਸ਼ਾਮਿਲ ਹੋਏ।
ਲੁਧਿਆਣਾ ਦੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਚੰਨਣਕੋਈਆ ਪਹੁੰਚ ਗਈ ਹੈ। ਜਿਉਂ ਹੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਮਾਹੌਲ ਸੋਗਮਈ ਹੋ ਗਿਆ। ਰਿਸ਼ਤੇਦਾਰਾਂ ਨੇ ਲਾਸ਼ ਨੂੰ ਗਲਵੱਕੜੀ ਪਾ ਲਿਆ ਅਤੇ ਉਨ੍ਹਾਂ ਦੀ ਬੇਟੀ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।


