ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਕੋਈ ਵੀ ਵੱਡਾ ਇੱਕਠ ਕਰਨ ਉੱਤੇ ਪਾਬੰਦੀ ਲਗਾਈ ਹੋਈ ਹੈ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ਇਸੇ ਤਹਿਤ ਅੱਜ ਬਠਿੰਡਾ ਵਿਚ ਪੁਲਿਸ ਦੁਆਰਾ ਇਕ ਨਿੱਜੀ ਪੈਲੇਸ ਦੇ ਮਾਲਕ ਅਤੇ ਉਸ ਦੇ ਬੇਟੇ ਵਿਰੁੱਧ ਵਿਆਹ ਦਾ ਪ੍ਰੋਗਰਾਮ ਕਰਵਾਏ ਜਾਣ ਕਰਕੇ ਪਰਚਾ ਦਰਜ ਕੀਤਾ ਗਿਆ ਹੈ।
ਦਰਅਸਲ ਬਠਿੰਡਾ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਨਿੱਜੀ ਪੈਲੇਸ ਵਿਚ ਵਿਆਹ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ 200 ਤੋਂ 250 ਲੋਕਾਂ ਦਾ ਇੱਕਠ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪੈਲੇਸ ਮਾਲਕ ਅਤੇ ਉਸ ਦੇ ਬੇਟੇ ਵਿਰੁੱਧ ਧਾਰਾ 188 ਅਤੇ 336 ਅਧੀਨ ਮਾਮਲਾ ਦਰਜ ਕਰਕੇ ਪੈਲੇਸ ਮਾਲਕ ਦੇ ਬੇਟੇ ਨੂੰ ਗਿਰਫਤਾਰ ਵੀ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਪੰਜਾਬ ਸਰਕਾਰ ਦੇ ਵੱਡਾ ਇੱਕਠ ਨਾ ਕਰਨ ਦੇ ਹੁਕਮ ਦੀ ਉਲੱਘਣਾ ਕਰਨ ਅਧੀਨ ਕੀਤੀ ਹੈ।
ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਜ ਤੀਜਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਅਤੇ ਬੀਤੇ ਦਿਨ ਨਵਾਂਸ਼ਹਿਰ ਵਿਚ ਇੱਕ 70 ਸਾਲਾਂ ਬਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ ਜੋ ਕਿ ਕੋਰੋਨਾ ਨਾਲ ਪੀੜਤ ਸੀ। ਪੰਜਾਬ ਸਰਕਾਰ ਨੇ ਕੋੋਰੋਨਾ ਵਾਇਰਸ ਦੇ ਮੱਦੇਨਜ਼ਰ 31 ਮਾਰਚ ਤੱਕ ਸਾਰੇ ਸਕੂਲ, ਕਾਲਜ, ਜਿੰਮ, ਸਿਨੇਮਾ ਘਰ, ਕਲੱਬ ਆਦਿ ਬੰਦ ਰੱਖਣ ਅਤੇ ਵੱਡੇ ਇੱਕਠ ਕਰਨ ਉੱਤੇ ਰੌਕ ਲਗਾਈ ਹੋਈ ਹੈ ਨਾਲ ਹੀ ਸਰਕਾਰੀ ਆਦੇਸ਼ਾਂ ਮੁਤਾਬਕ ਅੱਜ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਸੂਬੇ ਵਿਚ ਕੋਈ ਵੀ ਪਬਲਿਕ ਅਤੇ ਪ੍ਰਾਈਵੇਟ ਟਰਾਂਸਪੋਰਟ ਨਹੀਂ ਚੱਲੇਗਾ।


