ਨਵਾਂਸ਼ਹਿਰ : ਨਵਾਂਸ਼ਹਿਰ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਸੀਆਈਏ (CIA) ਸਟਾਫ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਹੈ। ਇਸ ਫਾਇਰਿੰਗ ਦੌਰਾਨ ਦੋ ਬਦਮਾਸ਼ਾਂ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਨਵਾਂਸ਼ਹਿਰ ਦੇ ਮੂਸਾਪੁਰ ਰੋਡ ‘ਤੇ ਸਥਿਤ ਵਿਸ਼ਵਕਰਮਾ ਮੰਦਿਰ ਦੇ ਨਜ਼ਦੀਕ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ‘ਤੇ 4 ਨੌਜਵਾਨ ਸਵਾਰ ਹੋ ਕੇ ਆਏ ਸਨ। ਪੁਲਿਸ ਦਾ ਸਾਹਮਣਾ ਹੋਣ ‘ਤੇ ਇਨ੍ਹਾਂ ਨੌਜਵਾਨਾਂ ਵੱਲੋਂ ਅਚਾਨਕ 2 ਫਾਇਰ ਕੀਤੇ ਗਏ।
ਜਵਾਬੀ ਕਾਰਵਾਈ ਵਿੱਚ ਲੱਗੀਆਂ ਗੋਲੀਆਂ
ਗੈਂਗਸਟਰਾਂ ਵੱਲੋਂ ਗੋਲੀ ਚਲਾਏ ਜਾਣ ਤੋਂ ਬਾਅਦ ਸੀਆਈਏ ਸਟਾਫ ਪੁਲਿਸ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ। ਇਸ ਕਰਾਸ ਫਾਇਰਿੰਗ ਯਾਨੀ ਐਨਕਾਊਂਟਰ ਦੌਰਾਨ ਦੋ ਨੌਜਵਾਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਉੱਥੇ ਹੀ, ਬਦਮਾਸ਼ਾਂ ਨਾਲ ਲੋਹਾ ਲੈਂਦਿਆਂ ਸੀਆਈਏ ਸਟਾਫ ਦਾ ਇੱਕ ਜਵਾਨ (ਸੀਨੀਅਰ ਕਾਂਸਟੇਬਲ ਪਰਮਜੀਤ) ਵੀ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਸਿਵਲ ਹਸਪਤਾਲ ਵਿਖੇ ਚੱਲ ਰਿਹਾ ਇਲਾਜ
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦਿਆਂ ਜ਼ਖਮੀ ਹੋਏ ਦੋਵੇਂ ਨੌਜਵਾਨਾਂ ਅਤੇ ਆਪਣੇ ਸਾਥੀ ਜਵਾਨ ਪਰਮਜੀਤ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਲਗਾਤਾਰ ਜਾਰੀ ਹੈ।
ਇਲਾਕੇ ਵਿੱਚ ਸਰਚ ਆਪ੍ਰੇਸ਼ਨ ਜਾਰੀ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਜੇ ਵੀ ਪੁਲਿਸ ਦਾ ਆਪ੍ਰੇਸ਼ਨ ਅਤੇ ਛਾਪੇਮਾਰੀ ਜਾਰੀ ਹੈ ਤਾਂ ਜੋ ਫਰਾਰ ਹੋਏ ਬਾਕੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਪੁਲਿਸ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਮੁਕਾਬਲੇ ਸਬੰਧੀ ਬਾਕੀ ਰਹਿੰਦੀ ਪੂਰੀ ਜਾਣਕਾਰੀ ਅਤੇ ਅਹਿਮ ਖੁਲਾਸੇ ਭਲਕੇ ਮੀਡੀਆ ਸਾਹਮਣੇ ਕੀਤੇ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

