ਫਿਰੋਜ਼ਪੁਰ : ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਵਿਚਕਾਰ ਫਿਰੋਜ਼ਪੁਰ ਦੀ ਇੱਕ ਸਮਾਜ ਸੇਵੀ ਸੰਸਥਾ ਮਾਨਵਤਾ ਲਈ ਇੱਕ ਵੱਡੀ ਉਮੀਦ ਬਣ ਕੇ ਉੱਭਰੀ ਹੈ। ਅੱਜ ਸਵੇਰੇ ਜਿੱਥੇ ਫਿਰੋਜ਼ਪੁਰ ਦਾ ਤਾਪਮਾਨ 3 ਡਿਗਰੀ ਤੱਕ ਡਿੱਗ ਗਿਆ, ਉੱਥੇ ਹੀ ‘ਫਿਰੋਜ਼ਪੁਰ ਫਾਊਂਡੇਸ਼ਨ’ ਦੇ ਸੇਵਾਦਾਰਾਂ ਨੇ ਅੰਮ੍ਰਿਤ ਵੇਲੇ ਤੋਂ ਹੀ ਸੜਕਾਂ ‘ਤੇ ਨਿਕਲ ਕੇ ਜ਼ਰੂਰਤਮੰਦਾਂ ਨੂੰ ਠੰਢ ਤੋਂ ਰਾਹਤ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਸਵੇਰੇ 5 ਵਜੇ ਤੋਂ ਸ਼ੁਰੂ ਹੁੰਦੀ ਹੈ ਚਾਹ ਦੀ ਸੇਵਾ
ਪਿਛਲੇ 5 ਸਾਲਾਂ ਤੋਂ ਸਰਦੀਆਂ ਦੇ ਮੌਸਮ ਵਿੱਚ ਇਹ ਸੰਸਥਾ ਲਗਾਤਾਰ ‘ਚਾਹ ਸੇਵਾ’ ਚਲਾ ਰਹੀ ਹੈ। ਰੋਜ਼ਾਨਾ ਸਵੇਰੇ 5 ਵਜੇ ਸੰਸਥਾ ਦੀ ਰਸੋਈ ਵਿੱਚ ਗਰਮਾ-ਗਰਮ ਚਾਹ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸੰਸਥਾ ਦੇ ਮੈਂਬਰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚਦੇ ਹਨ, ਜਿੱਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਚਾਹ, ਬਿਸਕੁਟ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਵੰਡੀ ਜਾਂਦੀ ਹੈ। ਹਸਪਤਾਲ ਤੋਂ ਬਾਅਦ ਟੀਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸੜਕਾਂ ਕੰਢੇ ਬੈਠੇ ਬੇਸਹਾਰਾ ਲੋਕਾਂ ਨੂੰ ਗਰਮ ਚਾਹ ਪਿਲਾਉਂਦੀ ਹੈ।
7 ਸਾਲਾਂ ਤੋਂ ਲਗਾਤਾਰ ਵਰਤ ਰਿਹਾ ਹੈ ਦੋ ਵੇਲੇ ਦਾ ਲੰਗਰ
ਸੰਸਥਾ ਦੇ ਮੁੱਖ ਸੇਵਾਦਾਰਾਂ ਸੁਨੀਲ ਅਰੋੜਾ ਅਤੇ ਜਿਮੀ ਕੱਕੜ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 7 ਸਾਲਾਂ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਸਥਾਨਾਂ ਸਮੇਤ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਦੋ ਵੇਲੇ ਦਾ ਲੰਗਰ ਮੁਫ਼ਤ ਵਰਤਾਇਆ ਜਾਂਦਾ ਹੈ। ਸਿਵਲ ਹਸਪਤਾਲ ਵਿੱਚ ਦੂਰ-ਦੁਰਾਡੇ ਤੋਂ ਆਉਣ ਵਾਲੇ ਸੈਂਕੜੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਇਸ ਸੇਵਾ ਦਾ ਲਾਭ ਉਠਾਉਂਦੇ ਹਨ।
ਲੋਕਾਂ ਨੇ ਜਤਾਇਆ ਧੰਨਵਾਦ
ਸੇਵਾ ਦਾ ਲਾਭ ਲੈਣ ਵਾਲੇ ਲੋਕਾਂ ਨੇ ਸੰਸਥਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਚਾਹ ਪੀਣ ਆਏ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਹੱਡ ਚੀਰਵੀਂ ਠੰਢ ਵਿੱਚ ਜਦੋਂ ਸਵੇਰੇ 6 ਵਜੇ ਗਰਮ ਚਾਹ ਮਿਲਦੀ ਹੈ, ਤਾਂ ਸਰੀਰ ਨੂੰ ਕਾਫੀ ਰਾਹਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ‘ਫਿਰੋਜ਼ਪੁਰ ਫਾਊਂਡੇਸ਼ਨ’ ਦੇ ਮੈਂਬਰ ਨਾ ਕੇਵਲ ਚਾਹ ਸਗੋਂ ਲੋੜ ਪੈਣ ‘ਤੇ ਭੋਜਨ ਦਾ ਪ੍ਰਬੰਧ ਵੀ ਕਰਦੇ ਹਨ, ਜੋ ਕਿ ਗਰੀਬ ਤਬਕੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/grand-opening-of-bathinda-premier-cricket-tournament-ameesha-patel-and-harbhajan-singh-set-the-tone/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

