ਲੁਧਿਆਣਾ : ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਝੋਲੀ ਭਰ ਕੇ ਦਿੰਦਾ ਹੈ। ਅਜਿਹਾ ਹੀ ਕੁਝ ਲੁਧਿਆਣਾ ਦੇ ਚੰਦਰ ਨਗਰ ਦੀ ਰਹਿਣ ਵਾਲੀ ਕੁਸਮ ਰਾਣੀ ਨਾਲ ਹੋਇਆ ਹੈ। ਇੱਕ ਬੇਹੱਦ ਸਾਧਾਰਨ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਕੁਸਮ, ਜੋ ਘਰ ਵਿੱਚ ਸਿਲਾਈ ਮਸ਼ੀਨ ਚਲਾ ਕੇ ਗੁਜ਼ਾਰਾ ਕਰਦੀ ਸੀ, ਰਾਤੋ-ਰਾਤ ਲਖਪਤੀ ਬਣ ਗਈ ਹੈ। ਕੁਸਮ ਦੀ 50 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਪਹਿਲੀ ਵਾਰ ਖਰੀਦੀ ਟਿਕਟ ਨੇ ਬਦਲੀ ਤਕਦੀਰ
ਲਾਟਰੀ ਜੇਤੂ ਕੁਸਮ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸਮਤ ਅਜ਼ਮਾਉਣ ਲਈ 1,000 ਰੁਪਏ ਦੀ ‘ਡੀਅਰ ਕੁਾਰਟਰਲੀ ਲਾਟਰੀ’ ਖਰੀਦੀ ਸੀ। ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਸ ਦੀ ਪਹਿਲੀ ਹੀ ਕੋਸ਼ਿਸ਼ ਉਸ ਨੂੰ 50 ਲੱਖ ਰੁਪਏ ਦਾ ਮਾਲਕ ਬਣਾ ਦੇਵੇਗੀ। ਕੁਸਮ ਦੀ ਟਿਕਟ ਦਾ ਨੰਬਰ B-5073 ਹੈ। ਜਿਵੇਂ ਹੀ ਇਨਾਮ ਦੀ ਸੂਚਨਾ ਮਿਲੀ, ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ।
ਪਰਿਵਾਰ ਦੀ ਬਿਹਤਰੀ ਲਈ ਵਰਤੇਗੀ ਇਨਾਮੀ ਰਾਸ਼ੀ
ਆਪਣੀ ਜਿੱਤ ‘ਤੇ ਗੱਲ ਕਰਦਿਆਂ ਕੁਸਮ ਨੇ ਕਿਹਾ ਕਿ ਉਹ ਸਿਲਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ। ਹੁਣ ਇਸ ਇਨਾਮੀ ਰਾਸ਼ੀ ਨਾਲ ਉਸ ਦੇ ਪਰਿਵਾਰ ਦੇ ਭਵਿੱਖ ਲਈ ਇੱਕ ਵੱਡੀ ਉਮੀਦ ਜਗੀ ਹੈ। ਉਸ ਨੇ ਕਿਹਾ ਕਿ ਉਹ ਇਹਨਾਂ ਪੈਸਿਆਂ ਦੀ ਵਰਤੋਂ ਆਪਣੇ ਬੱਚਿਆਂ ਦੀ ਬਿਹਤਰੀ, ਘਰ ਦੇ ਹਾਲਾਤ ਸੁਧਾਰਨ ਅਤੇ ਨੇਕ ਕੰਮਾਂ ਲਈ ਕਰੇਗੀ। ਕੁਸਮ ਦੇ ਪਤੀ ਨੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਇਸ ਨੂੰ ਇੱਕ ਵੱਡਾ ਆਸ਼ੀਰਵਾਦ ਦੱਸਿਆ।
ਲਾਟਰੀ ਵਿਕਰੇਤਾ ਨੇ ਢੋਲ ਵਜਾ ਕੇ ਕੀਤਾ ਸਵਾਗਤ
ਲੁਧਿਆਣਾ ਵਿੱਚ ‘ਭਨੋਟ ਇੰਟਰਪ੍ਰਾਈਜਿਸ’ ਦੇ ਕਾਊਂਟਰ ਤੋਂ ਇਹ ਲਾਟਰੀ ਖਰੀਦੀ ਗਈ ਸੀ। ਦੁਕਾਨ ਦੇ ਮਾਲਕ ਸ਼ਾਮ ਭਨੋਟ ਨੇ ਕੁਸਮ ਦੇਵੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਢੋਲ-ਧਮੱਕੇ ਨਾਲ ਵਿਸ਼ੇਸ਼ ਸਵਾਗਤ ਕੀਤਾ। ਸ਼ਾਮ ਭਨੋਟ ਨੇ ਦੱਸਿਆ ਕਿ ਉਹ ਇਸ ਪਰਿਵਾਰ ਨੂੰ ਪੁਰਾਣੇ ਸਮੇਂ ਤੋਂ ਜਾਣਦੇ ਹਨ ਅਤੇ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਇਹ ਇਨਾਮ ਇੱਕ ਅਜਿਹੇ ਪਰਿਵਾਰ ਨੂੰ ਨਿਕਲਿਆ ਹੈ ਜਿਸ ਨੂੰ ਇਸ ਦੀ ਬਹੁਤ ਲੋੜ ਸੀ।



