ਫ਼ਰੀਦਕੋਟ: ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਨੇ ਇੱਕ ਬਹੁਤ ਹੀ ਸ਼ਾਤਰ ਅੰਤਰ-ਜ਼ਿਲ੍ਹਾ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਐਸ.ਐਸ.ਪੀ. ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਗਿਰੋਹ ਬੜੀ ਚਲਾਕੀ ਨਾਲ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਜੈਤੋ ਦੀ ਤੇਲ ਫੈਕਟਰੀ ‘ਚ ਹੋਈ ਸੀ ਲੱਖਾਂ ਦੀ ਚੋਰੀ
ਜ਼ਿਕਰਯੋਗ ਹੈ ਕਿ 7 ਫਰਵਰੀ 2026 ਨੂੰ ਜੈਤੋ ਸਥਿਤ ਇੱਕ ਤੇਲ ਫੈਕਟਰੀ ਵਿੱਚੋਂ 15 ਲੱਖ 50 ਹਜ਼ਾਰ ਰੁਪਏ ਦੀ ਨਕਦੀ, ਇੱਕ .32 ਬੋਰ ਰਿਵਾਲਵਰ ਅਤੇ ਅਹਿਮ ਦਸਤਾਵੇਜ਼ ਚੋਰੀ ਹੋਏ ਸਨ। ਇਸ ਸਬੰਧੀ ਥਾਣਾ ਜੈਤੋ ਵਿਖੇ ਬੀ.ਐਨ.ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਕਨੀਕੀ ਮਾਹਿਰਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਸ ਗਿਰੋਹ ਨੂੰ ਟਰੇਸ ਕੀਤਾ।
ਔਰਤਾਂ ਕਰਦੀਆਂ ਸਨ ਰੇਕੀ
ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੰਮ ਕਰਦਾ ਸੀ। ਗਿਰੋਹ ਦੀਆਂ ਔਰਤਾਂ ਦਿਨ ਵੇਲੇ ਫੈਕਟਰੀਆਂ, ਦੁਕਾਨਾਂ ਅਤੇ ਘਰਾਂ ਦੀ ਰੇਕੀ ਕਰਦੀਆਂ ਸਨ ਅਤੇ ਰਾਤ ਨੂੰ ਮਰਦ ਮੈਂਬਰ ਚੋਰੀ ਕਰਦੇ ਸਨ।
ਜਾਂਚ ਨੂੰ ਭਟਕਾਉਣ ਲਈ ਕੀਤੇ ਡਰਾਮੇ
ਚੋਰੀ ਵੇਲੇ ਸੀਸੀਟੀਵੀ ਕੈਮਰਿਆਂ ਵਿੱਚ ਜਾਣਬੁੱਝ ਕੇ ਮੋਬਾਈਲ ਫੋਨ ਕੰਨਾਂ ਨੂੰ ਲਗਾਉਂਦੇ ਸਨ ਤਾਂ ਜੋ ਪੁਲਿਸ ਨੂੰ ਲੱਗੇ ਕਿ ਉਹ ਲੋਕੇਸ਼ਨ ਟ੍ਰੇਸ ਕਰ ਸਕਦੀ ਹੈ, ਜਦਕਿ ਫੋਨ ‘ਏਅਰਪਲੇਨ ਮੋਡ’ ‘ਤੇ ਹੁੰਦੇ ਸਨ। ਮੁਲਜ਼ਮਾਂ ਨੇ ਜਾਂਚ ਟੀਮਾਂ ਨੂੰ ਗੁੰਮਰਾਹ ਕਰਨ ਲਈ ਖੱਬੀ ਲੱਤ ਤੋਂ ਦਿਵਿਆਂਗ ਹੋਣ ਦਾ ਦਿਖਾਵਾ ਵੀ ਕੀਤਾ।
120 ਕਿਲੋਮੀਟਰ ਪੈਦਲ ਚੱਲ ਕੇ ਪੁਲਿਸ ਨੇ ਜੁਟਾਏ ਸਬੂਤ
ਇਸ ਕੇਸ ਨੂੰ ਸੁਲਝਾਉਣ ਲਈ ਫ਼ਰੀਦਕੋਟ ਪੁਲਿਸ ਦੀਆਂ ਟੀਮਾਂ ਨੇ ਅਣਥੱਕ ਮਿਹਨਤ ਕੀਤੀ। ਪੁਲਿਸ ਮੁਲਾਜ਼ਮਾਂ ਨੇ ਵੱਖ-ਵੱਖ ਸੜਕਾਂ ‘ਤੇ ਲਗਭਗ 120 ਕਿਲੋਮੀਟਰ ਪੈਦਲ ਚੱਲ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਇਸੇ ਸਦਕਾ ਚੋਰੀ ਵਿੱਚ ਵਰਤੀ ਗਈ ਗੱਡੀ ਦਾ ਨੰਬਰ ਟਰੇਸ ਹੋ ਸਕਿਆ, ਜੋ ਕਿ ਮੁਲਜ਼ਮਾਂ ਨੇ ਫਿਰੋਜ਼ਪੁਰ ਤੋਂ ਚੋਰੀ ਕੀਤੀ ਸੀ।
ਅਪਰਾਧਿਕ ਪਿਛੋਕੜ ਅਤੇ ਅਗਲੇਰੀ ਕਾਰਵਾਈ
ਮੁੱਖ ਮੁਲਜ਼ਮ ਮੰਗਲ ਸਿੰਘ ਉਰਫ਼ ਆਕਾਸ਼ ਵਿਰੁੱਧ ਪਹਿਲਾਂ ਵੀ ਬਠਿੰਡਾ ਅਤੇ ਜਲਾਲਾਬਾਦ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਇਹ ਗਿਰੋਹ ਜੈਤੋ ਵਿੱਚ ਇੱਕ ਹੋਰ ਵੱਡੀ ਚੋਰੀ ਦੀ ਫਿਰਾਕ ਵਿੱਚ ਸੀ। ਫਿਲਹਾਲ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ, ਜਿਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
‘ਪੰਜਾਬ ਸਖੀ ਸ਼ਕਤੀ ਮੇਲਾ-2026’ ਦਾ ਸ਼ਾਨਦਾਰ ਆਗਾਜ਼; ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


