ਜਲੰਧਰ: ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰੇਲਵੇ ਵਿਭਾਗ ਨੇ ਇੱਕ ਅਜਿਹੇ ਸ਼ਾਤਰ ਜਾਲਸਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ 6 ਮਹੀਨਿਆਂ ਤੋਂ ਨਕਲੀ ਰੇਲਵੇ ਵਿਜੀਲੈਂਸ ਇੰਸਪੈਕਟਰ ਬਣ ਕੇ ਘੁੰਮ ਰਿਹਾ ਸੀ। ‘ਸਿੰਘਮ’ ਬਣ ਕੇ ਰੇਲਵੇ ਸਟਾਫ਼ ‘ਤੇ ਰੌਬ ਪਾਉਣ ਵਾਲੇ ਇਸ ਮੁਲਜ਼ਮ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ। ਰੇਲਵੇ ਦੇ ਕਮਰਸ਼ੀਅਲ ਮੂਵਮੈਂਟ ਇੰਸਪੈਕਟਰ (CMI) ਦੀ ਮੁਸਤੈਦੀ ਸਦਕਾ ਇਸ ਪੂਰੇ ਫਰਜ਼ੀਵਾੜੇ ਦਾ ਪਰਦਾਫਾਸ਼ ਹੋਇਆ ਹੈ। ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧੋਖਾਧੜੀ, ਫਰਜ਼ੀ ਪਛਾਣ ਪੱਤਰ ਵਰਤਣ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਸਖ਼ਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੁਕਿੰਗ ਕਾਊਂਟਰਾਂ ‘ਤੇ ਕਰਦਾ ਸੀ ਚੈਕਿੰਗ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਾਵੇਦ ਅਲੀ ਬੇਹੱਦ ਸ਼ਾਤਰ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਅਸਲੀ ਚੈਕਿੰਗ ਸਟਾਫ਼ ਨੂੰ ਆਪਣੇ ਨਾਲ ਲੈ ਕੇ ਜਲੰਧਰ, ਫਗਵਾੜਾ, ਕਪੂਰਥਲਾ ਅਤੇ ਲੁਧਿਆਣਾ ਦੇ ਬੁਕਿੰਗ ਕਾਊਂਟਰਾਂ ‘ਤੇ ਚੈਕਿੰਗ ਕਰਨ ਪਹੁੰਚ ਜਾਂਦਾ ਸੀ। ਉਹ ਅੰਮ੍ਰਿਤਸਰ ਤੋਂ ਵੀਆਈਪੀ ਟ੍ਰੀਟਮੈਂਟ ਲੈ ਕੇ ਜਾਲੰਧਰ ਕੈਂਟ ਪਹੁੰਚਿਆ ਸੀ ਅਤੇ ਇੱਥੋਂ ਉਸਨੇ ਏਸੀ ਕੋਚ ਵਿੱਚ ਮੁਫ਼ਤ ‘ਚ ਲੁਧਿਆਣਾ ਜਾਣਾ ਸੀ। ਜਦੋਂ ਉਹ ਜਾਲੰਧਰ ਕੈਂਟ ਵਿਖੇ ਸਟਾਫ਼ ‘ਤੇ ਧੌਂਸ ਜਮਾ ਰਿਹਾ ਸੀ, ਤਾਂ ਉਸ ਦੀਆਂ ਕੁਝ ਸ਼ੱਕੀ ਹਰਕਤਾਂ ਕਾਰਨ ਕਰਮਚਾਰੀਆਂ ਨੂੰ ਸ਼ੱਕ ਹੋਇਆ। ਸਟਾਫ਼ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਸੀਐਮਆਈ ਨੇ ਜਦੋਂ ਉਸ ਕੋਲੋਂ ਰੇਲਵੇ ਦਾ ਆਈਡੀ ਕਾਰਡ ਮੰਗਿਆ, ਤਾਂ ਨਕਲੀ ਇੰਸਪੈਕਟਰ ਦੇ ਪਸੀਨੇ ਛੁੱਟ ਗਏ। ਉਹ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਜੀਆਰਪੀ (GRP) ਤੇ ਆਰਪੀਐਫ (RPF) ਨੇ ਉਸ ਨੂੰ ਦਬੋਚ ਲਿਆ।
ਯੂਪੀ ‘ਚ ਵੀ ਜੇਲ੍ਹ ਦੀ ਹਵਾ ਖਾ ਚੁੱਕਾ ਹੈ ਮੁਲਜ਼ਮ
ਜੀਆਰਪੀ ਦੀ ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਜਾਵੇਦ ਅਲੀ ਦਾ ਜਾਲਸਾਜ਼ੀ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਉਹ ਇੱਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਰੇਲਵੇ ਸਟੇਸ਼ਨ ‘ਤੇ ਵੀ ਇਸੇ ਤਰ੍ਹਾਂ ਫਰਜ਼ੀ ਇੰਸਪੈਕਟਰ ਬਣ ਕੇ ਠਗੀ ਮਾਰਦਿਆਂ ਫੜਿਆ ਗਿਆ ਸੀ ਅਤੇ ਸਲਾਖਾਂ ਦੇ ਪਿੱਛੇ ਜਾ ਚੁੱਕਾ ਹੈ। ਇਸ ਘਟਨਾ ਤੋਂ ਬਾਅਦ ਫਿਰੋਜ਼ਪੁਰ ਮੰਡਲ ਨੇ ਹਾਈ ਅਲਰਟ ਜਾਰੀ ਕੀਤਾ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਅਤੇ ਰੇਲ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਖ਼ੁਦ ਨੂੰ ਵੱਡਾ ਅਧਿਕਾਰੀ ਦੱਸ ਕੇ ਰੌਬ ਪਾਉਣ ਦੀ ਕੋਸ਼ਿਸ਼ ਕਰੇ, ਤਾਂ ਸਭ ਤੋਂ ਪਹਿਲਾਂ ਉਸ ਦਾ ਜਾਇਜ਼ ਆਈਡੀ ਕਾਰਡ ਜ਼ਰੂਰ ਚੈੱਕ ਕੀਤਾ ਜਾਵੇ ਅਤੇ ਸ਼ੱਕ ਹੋਣ ‘ਤੇ ਤੁਰੰਤ ਸਟੇਸ਼ਨ ਮਾਸਟਰ ਜਾਂ ਸੁਰੱਖਿਆ ਬਲਾਂ ਨੂੰ ਸੂਚਨਾ ਦਿੱਤੀ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



