ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਈ.ਓ. ਤੇ ਕਲਰਕ ਗ੍ਰਿਫਤਾਰ, ਦੋਹਾਂ ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ 

ਲੁਧਿਆਣਾ- ਪੰਜਾਬ ਦੇ ਲੁਧਿਆਣਾ ਵਿਚ ਨਗਰ ਇੰਪਰੂਵਮੈਂਟ ਟਰੱਸਟ ਦੀ ਐਗਜ਼ੀਕਿਊਟਿਵ ਅਫਸਰ (ਈ.ਓ.) ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਵਿਜੀਲੈਂਸ ਟੀਮ ਨੇ ਵੀਰਵਾਰ ਨੂੰ ਗ੍ਰਿਫਤਾਰ…

ਲੁਧਿਆਣਾ- ਪੰਜਾਬ ਦੇ ਲੁਧਿਆਣਾ ਵਿਚ ਨਗਰ ਇੰਪਰੂਵਮੈਂਟ ਟਰੱਸਟ ਦੀ ਐਗਜ਼ੀਕਿਊਟਿਵ ਅਫਸਰ (ਈ.ਓ.) ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਵਿਜੀਲੈਂਸ ਟੀਮ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਦੋਹਾਂ ਖਿਲਾਫ ਇਕ ਵਿਅਕਤੀ ਨੇ ਲੱਖਾਂ ਰੁਪਏ ਲੈ ਕੇ ਕੰਮ ਨਾ ਕਰਨ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਦੋਵਾਂ ‘ਤੇ ਕਾਰਵਾਈ ਕੀਤੀ।
ਵਿਜੀਲੈਂਸ ਦੀ ਟੀਮ ਨੇ ਵੀਰਵਾਰ ਸਵੇਰੇ 8 ਵਜੇ ਨਗਰ ਇੰਪਰੂਵਮੈਂਟ ਟਰੱਸਟ ਦੇ ਆਫਿਸ ਵਿਚ ਰੇਡ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਸੀ। ਰੇਡ ਦੌਰਾਨ ਵਿਜੀਲੈਂਸ ਈ.ਓ. ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਵਿਜੀਲੈਂਸ ਦੋਵਾਂ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਲੈ ਗਈ ਹੈ।
ਈ.ਓ. ਕੁਲਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕਰੀਬੀ ਰਹੀ ਹੈ। ਰੇਡ ਤੋਂ ਬਾਅਦ ਦਫਤਰ ਪੂਰਾ ਖਾਲੀ ਹੋ ਗਿਆ। ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਵਿਚ ਵਿਜੀਲੈਂਸ ਨੇ ਦਬਿਸ਼ ਦਿੱਤੀ ਹੈ। ਉਥੇ ਹੀ ਕਈ ਲੋਕ ਅੱਜ ਨਗਰ ਸੁਧਾਰ ਟਰੱਸਟ ਦੇ ਬਾਹਰ ਪ੍ਰਦਰਸ਼ਨ ਵੀ ਕਰਦੇ ਨਜ਼ਰ ਆਏ।
ਪ੍ਰਦਰਸ਼ਨ ਕਰ ਰਹੇ ਜੇ.ਪੀ. ਸਿੰਘ ਨੇ ਦੱਸਿਆ ਕਿ ਮੈਂ 15 ਦਿਨ ਤੋਂ ਇਥੇ ਪ੍ਰਦਰਸ਼ਨ ਕਰ ਰਿਹਾ ਹਾਂ। ਲੋਕਾਂ ਨੂੰ ਮੈਂ ਜਾਗਰੂਕ ਕਰ ਰਿਹਾ ਹਾਂ ਕਿ ਇਥੇ ਕੀ ਈ.ਓ. ਅਤੇ ਕਲਰਕ ਦੋਵੇਂ ਭੂ ਮਾਫੀਆ ਦਾ ਰੂਪ ਲੈ ਚੁੱਕੇ ਹਨ। ਦੋਹਾਂ ਨੂੰ ਕਿਸ ਕਾਰਣ ਗ੍ਰਿਫਤਾਰ ਕੀਤਾ ਹੈ ਇਹ ਅਜੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਨਹੀਂ ਹੈ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਪਿੰਡ ਹੈਬੋਵਾਲ ਵਾਸੀ ਨਵਦੀਪ ਸਿੰਘ ਨੇ 7 ਅਪ੍ਰੈਲ ਨੂੰ ਉਕਤ ਸ਼ਿਕਾਇਤ ਮੁੱਖ ਮੰਤਰੀ, ਡਾਇਰੈਕਟਰ ਵਿਜੀਲੈਂਸ ਅਤੇ ਐੱਸ.ਐੱਸ.ਪੀ. ਲੁਧਿਆਣਾ ਵਿਜੀਲੈਂਸ ਨੂੰ ਭੇਜੀ ਸੀ। ਜਿਸ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਗਰ ਸੁਧਾਰ ਟਰੱਸਟ ਵਲੋਂ ਪਿੰਡ ਹੈਬੋਵਾਲ ਦੀ ਜ਼ਮੀਨ ਨੂੰ ਐਕਵਾਇਰ ਕੀਤਾ ਗਿਆ ਸੀ। ਜਿਨ੍ਹਾਂ ‘ਤੇ ਨੰਬਰ ਲਗਾ ਦਿੱਤੇ ਗਏ ਸਨ। ਜਦੋਂ ਉਹ ਉਕਤ ਪਲਾਟਾਂ ਦਾ ਨਕਸ਼ਾ ਪਾਸ ਕਰਵਾਉਣ ਲਈ ਗਏ ਤਾਂ ਇਕ ਮਹਿਲਾ ਅਧਿਕਾਰੀ ਨੇ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਦਾ ਇਕ ਲੱਖ ਰੁਪਏ ਉਨ੍ਹਾਂ ਨੇ ਦੇ ਦਿੱਤਾ ਸੀ ਅਤੇ ਬਾਕੀ ਦੇ ਪੈਸੇ ਬਾਅਦ ਵਿਚ ਦੇਣੇ ਸਨ।
ਉਨ੍ਹਾਂ ਦਾ ਇਕ ਪਲਾਟ ਰਾਜਗੁਰੂ ਨਗਰ ਵਿਚ ਵੀ ਹੈ, ਉਸ ਦੀ ਐੱਨ.ਓ.ਸੀ. ਦੇ ਬਦਲੇ ਵੀ ਮਹਿਲਾ ਅਧਿਕਾਰੀ ਨੇ ਪੈਸੇ ਮੰਗੇ। ਦੋਵੇਂ ਮਾਮਲਿਆਂ ਵਿਚ ਉਨ੍ਹਾਂ ਨੇ ਸਾਢੇ ਪੰਜ ਲੱਖ ਰੁਪਏ ਉਕਤ ਅਧਿਕਾਰੀ ਨੂੰ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਵੀ ਮਹਿਲਾ ਅਫਸਰ ਨੇ ਕੰਮ ਨਹੀਂ ਕਰਵਾਇਆ। ਇਸੇ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ। ਦੱਸਿਆ ਜਾ ਰਿਹਾ ਹੈਕਿ ਈ.ਓ. ਕੁਲਜੀਤ ਕੌਰ ਪਿਛਲੇ 15 ਦਿਨਾਂ ਤੋਂ ਡਿਊਟੀ ‘ਤੇ ਨਹੀਂ ਆ ਰਹੀ ਸੀ। ਵੀਰਵਾਰ ਸਵੇਰੇ ਹੀ ਆ ਕੇ ਬੈਠੀ ਸੀ ਕਿ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ।

Leave a Reply

Your email address will not be published. Required fields are marked *