ਪਟਿਆਲਾ : ਖੇਤੀਬਾੜੀ ਖਪਤਕਾਰਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਾ ਤੀਜਾ ਪੜਾਅ ਸ਼ੁਰੂ ਹੋਣ ਨਾਲ ਪੰਜਾਬ ਦੀ ਬਿਜਲੀ ਦੀ ਮੰਗ ਸੋਮਵਾਰ ਨੂੰ 14000 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪੰਜਾਬ ਵਿਚ ਝੋਨੇ ਦੀ ਲੁਆਈ ਲਈ ਤੀਜੇ ਪੜਾਅ ਲਈ 7 ਜ਼ਿਲ੍ਹਿਆਂ ਵਿਚ ਬਿਜਲੀ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਬੀਤੇ ਦਿਨ ਨਾਲੋਂ ਬਿਜਲੀ ਦੀ ਮੰਗ ਵਿਚ 300 ਮੈਗਾਵਾਟ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ। ਬੁੱਧਵਾਰ ਤੋਂ ਚੌਥੇ ਪੜਾਅ ਤਹਿਤ ਨੌਂ ਹੋਰ ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਪਾਰ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਸੋਮਵਾਰ ਦੁਪਹਿਰ ਤਿੰਨ ਵਜੇ ਤਕ ਬਿਜਲੀ ਦੀ ਮੰਗ 14182 ਮੈਗਾਵਾਟ ਦਰਜ ਕੀਤੀ ਗਈ ਹੈ। ਪੀਐੱਸਪੀਸੀਐੱਲ ਉੱਤਰੀ ਗਰਿੱਡ ਤੋਂ 8500 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕਰ ਰਿਹਾ ਸੀ ਜਦੋਂ ਕਿ ਉਸ ਦਾ ਆਪਣਾ ਕੁੱਲ ਉਤਪਾਦਨ ਲਗਪਗ 5600 ਮੈਗਾਵਾਟ ਰਿਹਾ। ਇਸ ਵਿਚ ਸਰਕਾਰੀ ਖੇਤਰ ਦੇ ਆਪਣੇ ਥਰਮਲਾਂ ਤੋਂ ਉਤਪਾਦਨ 1150 ਮੈਗਾਵਾਟ, ਹਾਈਡ੍ਰੋ 800 ਮੈਗਾਵਾਟ, ਨਿੱਜੀ ਥਰਮਲਾਂ ਤੋਂ 3200 ਮੈਗਾਵਾਟ ਸ਼ਾਮਲ ਹਨ। ਪਿਛਲੇ ਸਾਲ ਇਨ੍ਹਾਂ ਦਿਨਾਂ ’ਚ ਬਿਜਲੀ ਦੀ ਮੰਗ 11025 ਤੋਂ 11347 ਮੈਗਾਵਾਟ ਦੇ ਵਿਚਕਾਰ ਸੀ। ਰਾਜ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਪਿਛਲੇ ਸਾਲ ਦੀ ਮੰਗ ਨਾਲੋਂ ਲਗਪਗ 3000 ਮੈਗਾਵਾਟ ਵਧੀ ਹੈ। ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਦਾ ਆਖਰੀ ਪੜਾਅ 21 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ ਵੱਧ ਤੋਂ ਵੱਧ ਬਿਜਲੀ ਦੀ ਮੰਗ ਜੂਨ ਦੇ ਅੰਤ ਤੱਕ 15500 ਮੈਗਾਵਾਟ ਨੂੰ ਪਾਰ ਕਰ ਜਾਵੇਗੀ।
