ਖੰਨਾ: ਪੂਰੇ ਵਿਸ਼ਵ ਭਰ ਦੀ ਤਰ੍ਹਾਂ ਖੰਨਾ ਸ਼ਹਿਰ ਵਿੱਚ ਵੀ ਈਦ-ਉਲ-ਅਜ਼ਹਾ (ਬਕਰੀਦ) ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਬੜੀ ਹੀ ਧੂਮ-ਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਬਾਰਕ ਮੌਕੇ ‘ਤੇ ਅੱਜ ਖੰਨਾ ਦੀ ਇਤਿਹਾਸਕ ਜਾਮਾ ਮਸਜਿਦ ਵਿਖੇ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਈਦ ਦੀ ਖ਼ਾਸ ਨਮਾਜ਼ ਅਦਾ ਕੀਤੀ। ਨਮਾਜ਼ ਮੁਕੰਮਲ ਹੋਣ ਤੋਂ ਬਾਅਦ ਮਸਜਿਦ ਦੇ ਮੁੱਖ ਮੌਲਵੀ ਮੁਹੰਮਦ ਹੁਸੈਨ ਨੇ ਸਮੂਹ ਨਮਾਜ਼ੀਆਂ ਨੂੰ ‘ਖੁਤਬਾ’ (ਧਾਰਮਿਕ ਪ੍ਰਵਚਨ) ਪੜ੍ਹ ਕੇ ਸੁਣਾਇਆ। ਇਸ ਤੋਂ ਬਾਅਦ ਸਾਰਿਆਂ ਨੇ ਇੱਕ-ਦੂਜੇ ਦੇ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ ਅਤੇ ਆਪਸੀ ਖੁਸ਼ੀ ਦਾ ਇਜ਼ਹਾਰ ਕੀਤਾ।
ਹਜ਼ਰਤ ਇਬਰਾਹੀਮ ਅਤੇ ਹਜ਼ਰਤ ਇਸਮਾਈਲ ਦੀ ਯਾਦ ‘ਚ ਦਿੱਤੀ ਜਾਂਦੀ ਹੈ ਕੁਰਬਾਨੀ
ਇਸ ਪਵਿੱਤਰ ਦਿਹਾੜੇ ਦੇ ਇਤਿਹਾਸਕ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਮੌਲਵੀ ਮੁਹੰਮਦ ਹੁਸੈਨ ਨੇ ਦੱਸਿਆ ਕਿ ਇਹ ਤਿਉਹਾਰ ਸਰਵਉੱਚ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਇਸਲਾਮਿਕ ਮਾਨਤਾ ਅਨੁਸਾਰ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੂੰ ਸੁਪਨਾ ਆਇਆ ਸੀ ਕਿ ਉਹ ਅੱਲ੍ਹਾ ਦੀ ਰਜ਼ਾ (ਇੱਛਾ) ਲਈ ਆਪਣੇ ਪਿਆਰੇ ਪੁੱਤਰ ਹਜ਼ਰਤ ਇਸਮਾਈਲ ਅਲੈਹਿਸਸਲਾਮ ਦੀ ਕੁਰਬਾਨੀ ਦੇ ਰਹੇ ਹਨ। ਜਦੋਂ ਪਿਤਾ ਨੇ ਇਹ ਗੱਲ ਆਪਣੇ ਪੁੱਤਰ ਨਾਲ ਸਾਂਝੀ ਕੀਤੀ, ਤਾਂ ਪੁੱਤਰ ਹਜ਼ਰਤ ਇਸਮਾਈਲ ਨੇ ਬੜੀ ਖੁਸ਼ੀ ਨਾਲ ਜਵਾਬ ਦਿੱਤਾ ਕਿ, “ਪਿਤਾ ਜੀ, ਜੇਕਰ ਅੱਲ੍ਹਾ ਤਆਲਾ ਦੀ ਰਜ਼ਾ ਲਈ ਮੇਰੀ ਜਾਨ ਦੀ ਕੁਰਬਾਨੀ ਹੁੰਦੀ ਹੈ, ਤਾਂ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਅਤੇ ਮਾਣ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ।”
ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ
ਮੌਲਵੀ ਮੁਹੰਮਦ ਹੁਸੈਨ ਨੇ ਅੱਗੇ ਦੱਸਿਆ ਕਿ ਹਜ਼ਰਤ ਇਸਮਾਈਲ ਦੀ ਇਸੇ ਮਹਾਨ ਕੁਰਬਾਨੀ ਅਤੇ ਜਜ਼ਬੇ ਦੀ ਯਾਦ ਵਿੱਚ ਅੱਜ ਪੂਰੀ ਦੁਨੀਆ ਦਾ ਮੁਸਲਿਮ ਭਾਈਚਾਰਾ ਬਕਰਾ ਈਦ ਮੌਕੇ ਅੱਲ੍ਹਾ ਦਾ ਹੁਕਮ ਮੰਨਦਿਆਂ ਕੁਰਬਾਨੀ ਦੀ ਰਵਾਇਤ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤਿਉਹਾਰ ਲਗਾਤਾਰ 3 ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਲੋਕ ਨਮਾਜ਼ ਤੋਂ ਬਾਅਦ ਆਪਣੇ ਘਰਾਂ ਵਿੱਚ ਕੁਰਬਾਨੀ ਦੀ ਰਸਮ ਪੂਰੀ ਕਰਦੇ ਹਨ। ਇਸ ਪਵਿੱਤਰ ਮੰਚ ਤੋਂ ਉਨ੍ਹਾਂ ਨੇ ਸਮੂਹ ਲੋਕਾਂ ਨੂੰ ਦੇਸ਼ ਵਿੱਚ ਆਪਸੀ ਭਾਈਚਾਰਾ, ਅਮਨ-ਚੈਨ ਅਤੇ ਪਿਆਰ ਦੀ ਭਾਵਨਾ ਨੂੰ ਹਮੇਸ਼ਾ ਬਣਾਈ ਰੱਖਣ ਦੀ ਪੁਰਜ਼ੋਰ ਅਪੀਲ ਵੀ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Canada youth dies: ਐਡਮਿੰਟਨ ‘ਚ ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



