ਲੁਧਿਆਣਾ : ਲੁਧਿਆਣਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਸਮਰਾਲਾ ਚੌਕ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਆਉਂਦੇ-ਜਾਉਂਦੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਕਾਰ ਦਾ ਡਰਾਈਵਰ ਕਥਿਤ ਤੌਰ ‘ਤੇ ਨਸ਼ੇ ਦੀ ਭਾਰੀ ਹਾਲਤ ਵਿੱਚ ਸੀ, ਜਿਸ ਕਾਰਨ ਉਸਦਾ ਗੱਡੀ ਤੋਂ ਕੰਟਰੋਲ ਪੂਰੀ ਤਰ੍ਹਾਂ ਗੁਆ ਚੁੱਕਾ ਸੀ। ਇਸ ਬੇਕਾਬੂ ਗੱਡੀ ਨੇ ਇੱਕ ਆਟੋ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਚੌਕ ਕੋਲ ਖੜ੍ਹੀ ਇੱਕ ਨੌਜਵਾਨ ਲੜਕੀ ਨੂੰ ਵੀ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਲੋਕਾਂ ਨੇ ਘੇਰ ਕੇ ਕਾਬੂ ਕੀਤਾ ਡਰਾਈਵਰ
ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਕਾਰ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉੱਥੋਂ ਲੰਘ ਰਹੇ ਸੂਝਵਾਨ ਰਾਹਗੀਰਾਂ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਉਸਨੂੰ ਘੇਰ ਕੇ ਫੜ ਲਿਆ। ਰੋਹ ਵਿੱਚ ਆਈ ਭੀੜ ਵੱਲੋਂ ਡਰਾਈਵਰ ਦੀ ਖਿੱਚ-ਧੂਹ ਵੀ ਕੀਤੀ ਗਈ। ਮਾਮਲਾ ਗਰਮਾਉਂਦਾ ਦੇਖ ਮੌਕੇ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮ ਤੁਰੰਤ ਹਰਕਤ ਵਿੱਚ ਆਏ ਅਤੇ ਸਥਿਤੀ ਨੂੰ ਸੰਭਾਲਦਿਆਂ ਕਾਰ ਚਾਲਕ ਨੂੰ ਭੀੜ ਦੇ ਚੁੰਗਲ ਵਿੱਚੋਂ ਛੁਡਵਾਇਆ। ਪੁਲਿਸ ਨੇ ਨੁਕਸਾਨੀ ਗਈ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਥਾਣਾ ਡਿਵੀਜ਼ਨ ਨੰਬਰ-7 ਦੇ ਹਵਾਲੇ ਕਰ ਦਿੱਤਾ ਹੈ।
ਜ਼ਖਮੀ ਹਸਪਤਾਲ ‘ਚ ਦਾਖਲ
ਇਸ ਭਿਆਨਕ ਹਾਦਸੇ ਵਿੱਚ ਜ਼ਖਮੀ ਹੋਈ ਨੌਜਵਾਨ ਲੜਕੀ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਪੁਸ਼ਟੀ ਹੋ ਸਕੇ। ਪੁਲਿਸ ਵੱਲੋਂ ਜ਼ਖਮੀ ਕੁੜੀ ਅਤੇ ਹੋਰ ਪੀੜਤ ਵਾਹਨ ਚਾਲਕਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



