ਨਸ਼ੇ ਦੇ ਕੋਹੜ ਨੇ ਉਜਾੜਿਆ ਇੱਕ ਹੋਰ ਹੱਸਦਾ-ਖੇਡਦਾ ਪਰਿਵਾਰ; ਅਮਲੋਹ ਦੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਮੰਡੀ ਗੋਬਿੰਦਗੜ੍ਹ : ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਲਗਾਤਾਰ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਤਾਜ਼ਾ ਦਰਦਨਾਕ ਘਟਨਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ…

Drug addiction

ਮੰਡੀ ਗੋਬਿੰਦਗੜ੍ਹ : ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਲਗਾਤਾਰ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਤਾਜ਼ਾ ਦਰਦਨਾਕ ਘਟਨਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਤੋਂ ਸਾਹਮਣੇ ਆਈ ਹੈ, ਜਿੱਥੇ ਪਿੰਡ ਮਾਜਰੀ ਕਿਸਨੇ ਵਾਲੀ ਦੇ ਇੱਕ ਨੌਜਵਾਨ ਪਵਨਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਨੌਜਵਾਨ ਦੀ ਮ੍ਰਿਤਕ ਦੇਹ ਮੰਡੀ ਗੋਬਿੰਦਗੜ੍ਹ ਦੇ ਇੱਕ ਜਨਤਕ ਪਾਰਕ ਵਿੱਚੋਂ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪਾਰਕ ਵਿੱਚੋਂ ਮਿਲੀ ਲਾਸ਼ ਅਤੇ ਨਸ਼ੇ ਵਾਲੀ ਸਰਿੰਜ

ਮ੍ਰਿਤਕ ਪਵਨਦੀਪ ਸਿੰਘ ਦੇ ਪਿਤਾ ਨਿਰਭੈ ਸਿੰਘ ਨੇ ਬੇਹੱਦ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ। ਪਰਿਵਾਰ ਨੇ ਉਸ ਨੂੰ ਇਸ ਲਾਹਣਤ ਤੋਂ ਬਚਾਉਣ ਲਈ ਨਸ਼ਾ ਛਡਾਊ ਕੇਂਦਰ ਵਿੱਚ ਵੀ ਭਰਤੀ ਕਰਵਾਇਆ ਸੀ, ਜਿੱਥੋਂ ਉਹ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਇਆ ਸੀ। ਪਿਤਾ ਅਨੁਸਾਰ, ਮੰਡੀ ਗੋਬਿੰਦਗੜ੍ਹ ਦੇ ਪਾਰਕ ਵਿੱਚ ਪਵਨਦੀਪ ਦੀ ਲਾਸ਼ ਦੇ ਕੋਲ ਹੀ ਨਸ਼ੇ ਵਾਲੀ ਸਰਿੰਜ ਵੀ ਪਈ ਮਿਲੀ, ਜੋ ਸਾਫ਼ ਇਸ਼ਾਰਾ ਕਰਦੀ ਹੈ ਕਿ ਉਸ ਦੀ ਜਾਨ ਨਸ਼ੇ ਦੇ ਟੀਕੇ ਕਾਰਨ ਗਈ ਹੈ।

ਪੀੜਤ ਪਿਤਾ ਨੇ ਸਰਕਾਰ ‘ਤੇ ਚੁੱਕੇ ਸਵਾਲ

ਆਪਣੇ ਜਵਾਨ ਪੁੱਤ ਦੀ ਲਾਸ਼ ਦੇਖ ਕੇ ਟੁੱਟੇ ਪਿਤਾ ਨੇ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਰਫ ਛੋਟੇ ਨਸ਼ਾ ਤਸਕਰਾਂ ਨੂੰ ਫੜਨ ਦੇ ਦਾਅਵੇ ਕਰਦੀਆਂ ਹਨ, ਜਦਕਿ ਨਸ਼ਾ ਵੇਚਣ ਵਾਲੇ ‘ਵੱਡੇ ਮਗਰਮੱਛ’ ਅੱਜ ਵੀ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਦੁਹਾਈ ਦਿੱਤੀ ਕਿ ਜੇਕਰ ਸਰਕਾਰ ਸਖ਼ਤੀ ਨਾਲ ਨਸ਼ੇ ਦੀ ਸਪਲਾਈ ਲਾਈਨ ਤੋੜ ਦੇਵੇ, ਤਾਂ ਪੰਜਾਬ ਦੇ ਕਿਸੇ ਹੋਰ ਮਾਂ-ਬਾਪ ਦਾ ਚਿਰਾਗ ਇਸ ਤਰ੍ਹਾਂ ਅਜਾਈਂ ਨਹੀਂ ਬੁੱਝੇਗਾ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਬੁੱਧ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ, ਜਿਸ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮਾਸੂਮ ਬੱਚਿਆਂ ਨੇ ਮਨਾਇਆ ‘ਮਦਰਸ ਡੇ’ ਦਾ ਵਿਲੱਖਣ ਜਸ਼ਨ; ਗਊਸ਼ਾਲਾ ਪਹੁੰਚ ਕੇ ਸਮਾਜ ਨੂੰ ਦਿੱਤਾ ਮਾਨਵਤਾ ਦਾ ਹੋਕਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *