ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਵੈਨੇਜ਼ੁਏਲਾ ਦੇ ਤੇਲ ਸਬੰਧਾਂ ਨੂੰ ਲੈ ਕੇ ਇੱਕ ਹੈਰਾਨੀਜਨਕ ਦਾਅਵਾ ਕੀਤਾ ਹੈ। ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ ਨੇ ਈਰਾਨ ਤੋਂ ਕੱਚਾ ਤੇਲ ਖਰੀਦਣਾ ਬੰਦ ਕਰਕੇ ਵੈਨੇਜ਼ੁਏਲਾ ਤੋਂ ਤੇਲ ਦਰਾਮਦ ਕਰਨ ਲਈ ਸਹਿਮਤੀ ਜਤਾ ਦਿੱਤੀ ਹੈ। ਟਰੰਪ ਮੁਤਾਬਕ, ਇਸ ਸਮਝੌਤੇ ਦੀ ਰੂਪਰੇਖਾ ਤਿਆਰ ਹੋ ਚੁੱਕੀ ਹੈ ਅਤੇ ਭਾਰਤ ਇਸ ਨਵੀਂ ਡੀਲ ਵਿੱਚ ਸ਼ਾਮਲ ਹੋ ਰਿਹਾ ਹੈ।
ਟਰੰਪ ਦਾ ਬਿਆਨ: ‘ਸਮਝੌਤਾ ਤਿਆਰ ਹੈ‘
ਫਲੋਰੀਡਾ ਜਾਂਦੇ ਸਮੇਂ ‘ਏਅਰ ਫੋਰਸ ਵਨ’ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ, “ਅਸੀਂ ਪਹਿਲਾਂ ਹੀ ਸਮਝੌਤਾ ਕਰ ਲਿਆ ਹੈ। ਭਾਰਤ ਇਸ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਉਹ ਹੁਣ ਈਰਾਨ ਦੀ ਬਜਾਏ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ।” ਉਨ੍ਹਾਂ ਇਹ ਵੀ ਦੱਸਿਆ ਕਿ ਵੈਨੇਜ਼ੁਏਲਾ ਨੇ ਅਮਰੀਕਾ ਨੂੰ 52 ਅਰਬ ਡਾਲਰ ਦੀ ਕੀਮਤ ਦੇ 50 ਮਿਲੀਅਨ ਬੈਰਲ ਤੇਲ ਦੀ ਪੇਸ਼ਕਸ਼ ਕੀਤੀ ਸੀ, ਜਿਸ ‘ਤੇ ਸਹਿਮਤੀ ਬਣ ਗਈ ਹੈ। ਟਰੰਪ ਨੇ ਚੀਨ ਨੂੰ ਵੀ ਸੱਦਾ ਦਿੱਤਾ ਕਿ ਉਹ ਅੱਗੇ ਆ ਕੇ ਵੈਨੇਜ਼ੁਏਲਾ ਨਾਲ ਤੇਲ ਦੀ ਡੀਲ ਕਰੇ।
ਪੀਐਮ ਮੋਦੀ ਅਤੇ ਵੈਨੇਜ਼ੁਏਲਾ ਦੀ ਰਾਸ਼ਟਰਪਤੀ ਵਿਚਾਲੇ ਗੱਲਬਾਤ
ਇਹ ਘਟਨਾਕ੍ਰਮ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਫ਼ੋਨ ਕਾਲ ਤੋਂ ਬਾਅਦ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਹੋਈ ਇਸ ਗੱਲਬਾਤ ਵਿੱਚ ਦੋਵਾਂ ਦੇਸ਼ਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਹਿਯੋਗ ਵਧਾਉਣ ‘ਤੇ ਚਰਚਾ ਕੀਤੀ ਸੀ। ਹਾਲਾਂਕਿ, ਭਾਰਤ ਸਰਕਾਰ ਵੱਲੋਂ ਅਜੇ ਤੱਕ ਟਰੰਪ ਦੇ ਤੇਲ ਸੌਦੇ ਵਾਲੇ ਬਿਆਨ ‘ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਕਾਂਗਰਸ ਨੇ ਘੇਰੀ ਮੋਦੀ ਸਰਕਾਰ
ਟਰੰਪ ਦੇ ਇਸ ਖੁਲਾਸੇ ਤੋਂ ਬਾਅਦ ਭਾਰਤ ਵਿੱਚ ਸਿਆਸਤ ਭਖ ਗਈ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਬੜੀ ਅਜੀਬ ਗੱਲ ਹੈ ਕਿ ਸਾਨੂੰ ਆਪਣੀ ਸਰਕਾਰ ਦੇ ਫੈਸਲਿਆਂ ਬਾਰੇ ਅਮਰੀਕੀ ਰਾਸ਼ਟਰਪਤੀ ਤੋਂ ਪਤਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਟਰੰਪ ਨੇ ‘ਆਪ੍ਰੇਸ਼ਨ ਸਿੰਦੂਰ’ ਰੁਕਣ ਅਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਦੀ ਜਾਣਕਾਰੀ ਦਿੱਤੀ ਸੀ ਅਤੇ ਹੁਣ ਉਹ ਵੈਨੇਜ਼ੁਏਲਾ ਨਾਲ ਹੋਏ ਸੌਦੇ ਬਾਰੇ ਦੱਸ ਰਹੇ ਹਨ।



