ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਪਿੰਡ ਲਹਿਲ ਕਲਾਂ ਤੋਂ ਇੱਕ ਬੇਹੱਦ ਦੁਖਦਾਈ ਅਤੇ ਹਿਰਦੇਵੇਧਕ ਘਟਨਾ ਸਾਹਮਣੇ ਆਈ ਹੈ। ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ, ਜਦੋਂ ਖੇਤਾਂ ਵਿੱਚ ਲੱਗੀ ਭਿਆਨਕ ਅੱਗ ਨੇ ਮਿਹਨਤਕਸ਼ ਕਿਸਾਨਾਂ ਦੀ ਸਾਲ ਭਰ ਦੀ ਕਮਾਈ ਨੂੰ ਪਲਕ ਝਪਕਦਿਆਂ ਹੀ ਸੁਆਹ ਕਰ ਦਿੱਤਾ।
ਬਿਜਲੀ ਦੀ ਸਪਾਰਕਿੰਗ ਨੇ ਉਜਾੜੀ ਮਿਹਨਤ
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਲਹਿਲ ਕਲਾਂ ਵਿੱਚ ਖੇਤਾਂ ਅੰਦਰ ਅਚਾਨਕ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਭੜਕ ਉੱਠੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਦੋ ਕਿਸਾਨਾਂ ਦੀ ਕਰੀਬ ਅੱਠ ਏਕੜ ਝੋਨੇ ਦੀ ਪੱਕੀ ਫ਼ਸਲ ਆਪਣੀ ਲਪੇਟ ਵਿੱਚ ਲੈ ਲਈ। ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਜਿਸ ਫ਼ਸਲ ਨੂੰ ਅੱਗ ਨੇ ਨਸ਼ਟ ਕੀਤਾ, ਉਸ ਦੀ ਕਟਾਈ ਮਹਿਜ਼ ਦੋ ਦਿਨਾਂ ਬਾਅਦ ਹੋਣੀ ਸੀ।
ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਪਰਿਵਾਰ ‘ਤੇ ਟੁੱਟਿਆ ਕਹਿਰ
ਇਸ ਹਾਦਸੇ ਦੀ ਸਭ ਤੋਂ ਵੱਡੀ ਮਾਰ ਇੱਕ ਅਜਿਹੇ ਗ਼ਰੀਬ ਮਜ਼ਦੂਰ ਕਿਸਾਨ ‘ਤੇ ਪਈ ਹੈ, ਜਿਸ ਨੇ ਕਰਜ਼ਾ ਚੁੱਕ ਕੇ ਅਤੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕੀਤੀ ਸੀ। ਕਿਸਾਨ ਪਰਿਵਾਰ ਦੀ ਬਦਕਿਸਮਤੀ ਇਹ ਰਹੀ ਕਿ ਪਹਿਲਾਂ ਬੇਮੌਸਮੀ ਮੀਂਹ ਕਾਰਨ ਉਨ੍ਹਾਂ ਦੀ ਗੋਭੀ ਦੀ ਫ਼ਸਲ ਬਰਬਾਦ ਹੋ ਗਈ ਸੀ ਅਤੇ ਹੁਣ ਹੱਥਾਂ ਵਿੱਚ ਆਉਣ ਵਾਲਾ ਪੱਕਾ ਝੋਨਾ ਵੀ ਅੱਗ ਦੀ ਭੇਟ ਚੜ੍ਹ ਗਿਆ। ਪੀੜਤ ਪਰਿਵਾਰ ਦੀ ਮਾਤਾ ਦਰਸ਼ਨਾ ਕੌਰ ਜਦੋਂ ਆਪਣੀ ਹੱਡਬੀਤੀ ਸੁਣਾ ਰਹੀ ਸੀ, ਤਾਂ ਉਨ੍ਹਾਂ ਦੇ ਅੱਖਾਂ ਵਿੱਚੋਂ ਵਹਿੰਦੇ ਹੰਝੂ ਦੇਖਣ ਵਾਲਿਆਂ ਦਾ ਵੀ ਦਿਲ ਪਸੀਜ ਗਏ।
ਕਿਸਾਨਾਂ ਅਤੇ ਆਗੂਆਂ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
ਇਸ ਭਾਰੀ ਆਰਥਿਕ ਨੁਕਸਾਨ ਤੋਂ ਬਾਅਦ ਪਿੰਡ ਵਾਸੀਆਂ, ਕਿਸਾਨਾਂ ਅਤੇ ਵੱਖ-ਵੱਖ ਕਿਸਾਨ ਆਗੂਆਂ ਵਿੱਚ ਭਾਰੀ ਰੋਹ ਅਤੇ ਚਿੰਤਾ ਪਾਈ ਜਾ ਰਹੀ ਹੈ। ਸਾਰਿਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਬਣਦਾ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਸ ਔਖੀ ਘੜੀ ਵਿੱਚ ਉਨ੍ਹਾਂ ਦੀ ਕੁਝ ਆਰਥਿਕ ਸਹਾਇਤਾ ਹੋ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



